* ਪ੍ਰਮਾਤਮਾ ਹਰ ਇੰਨਸਾਨ ਨੂੰ ਕੋਈ ਵਿਸ਼ੇਸ਼ ਗੁਣ ਜਰੂਰ ਦਿੰਦਾ ਹੈ – ਐਸ.ਡੀ.ਐਮ.
ਫਗਵਾੜਾ (ਡਾ ਰਮਨ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਓਹਾਰ ਸਪਰੋੜ ਦੇ ਗੁਰੂ ਨਾਨਕ ਮਿਸ਼ਨ ਨੇਤਰਹੀਣ, ਬਿਰਧ ਆਸ਼ਰਮ ਵਿਖੇ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿਚ ਐਸ.ਡੀ.ਐਮ. ਫਗਵਾੜਾ ਸ੍ਰੀ ਪਵਿੱਤਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਤਹਿਸੀਲਦਾਰ ਫਗਵਾੜਾ ਸ੍ਰੀ ਨਵਦੀਪ ਸਿੰਘ ਅਤੇ ਥਾਣਾ ਸਿਟੀ ਦੇ ਮੁਖੀ ਉਂਕਾਰ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਆਸ਼ਰਮ ਦੀਆਂ ਛੋਟੀਆਂ ਨੇਤਰਹੀਣ ਬੱਚੀਆਂ ਵਲੋਂ ਪਤਵੰਤਿਆਂ ਨੂੰ ਰੱਖੜੀ ਬੰਨ•ੀ ਗਈ। ਇਸ ਤੋਂ ਪਹਿਲਾਂ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਾਰਿਆਂ ਦਾ ਸਰੀਰਿਕ ਤਾਪਮਾਨ ਚੈਕ ਕੀਤਾ ਗਿਆ ਅਤੇ ਹੱਥਾਂ, ਬਾਹਵਾਂ ਨੂੰ ਸੈਨੀਟਾਈਜ ਕੀਤਾ ਗਿਆ। ਮਹਿਮਾਨਾਂ ਨੇ ਜਿੱਥੇ ਬੱਚੀਆਂ ਨੂੰ ਸ਼ਗਨ ਦਿੱਤਾ ਉੱਥੇ ਹੀ ਸਭਾ ਵਲੋਂ ਸ਼ਗਨ, ਸੂਟ ਤੇ ਮਿਠਾਈ ਭੇਂਟ ਕੀਤੀ ਗਈ। ਆਸ਼ਰਮ ਦੇ ਵਸਨੀਕਾਂ ਦੀ ਰੋਗਾਂ ਨਾਲ ਲੜਨ ਦੀ ਸਰੀਰਿਕ ਤਾਕਤ ਵਧਾਉਣ ਦੇ ਮਕਸਦ ਨਾਲ ਹਲਦੀ ਵਾਲਾ ਦੁੱਧ ਵੀ ਪਿਲਾਇਆ ਗਿਆ। ਇਸ ਤੋਂ ਇਲਾਵਾ ਮੁੱਖ ਮਹਿਮਾਨਾਂ ਨੇ ਸਭਾ ਵਲੋਂ ਆਸ਼ਰਮ ਦੀ ਨਵੀਂ ਬਣੀ ਇਮਾਰਤ ਦੇ ਚੌਗਿਰਦੇ ਵਿਚ ਬੂਟੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਦਿੱਤਾ। ਐਸ.ਡੀ.ਐਮ. ਸ੍ਰੀ ਪਵਿੱਤਰ ਸਿੰਘ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੱਖੜੀ ਦਾ ਤਿਓਹਾਰ ਭੈਣ-ਭਰਾਵਾਂ ਵਲੋਂ ਇਕ ਦੂਸਰੇ ਦੇ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਦਾ ਦਿਨ ਹੈ ਜੋ ਆਪਸੀ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇਤਰਹੀਣ ਬੱਚੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪ੍ਰਮਾਤਮਾ ਜੇਕਰ ਕਿਸੇ ਨਿਆਮਤ ਤੋਂ ਵਾਂਝਾ ਰੱਖਦਾ ਹੈ ਤਾਂ ਉਸਦੇ ਬਦਲੇ ਉਸਨੂੰ ਕੋਈ ਦੂਸਰਾ ਵਿਸ਼ੇਸ਼ ਗੁਣ ਜਰੂਰ ਦਿੰਦਾ ਹੈ ਇਸ ਲਈ ਨੇਤਰਹੀਣਤਾ ਦੀ ਭਾਵਨਾ ਨੂੰ ਤਿਆਗ ਕੇ ਜੀਵਨ ਵਿਚ ਅੱਗੇ ਵਧਣਾ ਚਾਹੀਦਾ ਹੈ। ਤਹਿਸੀਲਦਾਰ ਨਵਦੀਪ ਸਿੰਘ ਅਤੇ ਐਸ.ਐਚ.ਓ. ਬਰਾੜ ਨੇ ਵੀ ਸਾਰਿਆਂ ਨੂੰ ਰੱਖੜੀ ਤੇ ਰੱਖੜ ਪੁੰਨਿਆ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਨਾਲ ਹੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਹਰਜਿੰਦਰ ਗੋਗਨਾ ਵਲੋਂ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ, ਹੁਸਨ ਲਾਲ ਸਾਬਕਾ ਕੌਂਸਲਰ, ਉਂਕਾਰ ਜਗਦੇਵ, ਡਾ. ਵਿਜੇ ਕੁਮਾਰ, ਕੁਲਬੀਰ ਬਾਵਾ, ਸਾਹਿਬਜੀਤ ਸਾਹਬੀ, ਕੁਲਤਾਰ ਬਸਰਾ, ਹਰਵਿੰਦਰ ਸਿੰਘ, ਚਰਨਜੀਤ ਸ਼ੇਰਗਿਲ, ਮਨਦੀਪ ਸ਼ਰਮਾ, ਸ਼ਿਵ ਕੁਮਾਰ, ਨਰਿੰਦਰ ਸੈਣੀ ਆਦਿ ਹਾਜਰ ਸਨ।