ਹੁਸ਼ਿਆਰਪੁਰ (ਫੂਲਾ ਰਾਮ ਬੀਰਮਪੁਰ )ਸਿਵਲ ਸਰਜਨ ਦਫਤਰ ਹੁਸ਼ਿਅਾਰਪੁਰ ਵਿਖੇ ਡਿਉਟੀ ਕਰ ਰਹੇ ਮਲਟੀਪਰਪਜ਼ ਹੈਲਥ ਵਰਕਰਾਂ ਗੁਰਦੀਪ ਸਿੰਘ ਅਤੇ ਸੁਖਵਿੰਦਰ ਪਾਲ ਨਾਲ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ, ਜਨਰਲ ਸਕੱਤਰ ਜਰਮਨਜੀਤ ਸਿੰਘ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਮੁਕੇਸ਼ ਗੁਜਰਾਤੀ ਨੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਵਿਰੁੱਧ ਕਾਨੂਨੀ ਕਾਰਵਾੲੀ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਰਕਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਕਰੋਨਾ ਵਾਇਰਸ’ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵਿਦੇਸ਼ ਤੋਂ ਆ ਰਹੇ ਯਾਤਰੀਆਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਘਰਾਂ ਦੇ ਬਾਹਰ ਸਟਿੱਕਰ ਲਾਉਣ ਦੀ ਡਿਉਟੀ ਨਿਭਾ ਰਹੇ ਸਨ | ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੁੂੰ ਆਪਣੇ ਸ਼ਨਾਖਤੀ ਕਾਰਡ ਦਿਖਾਉਣ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜੋ ਕਿ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਕਰਫ਼ਿਊ ਦੌਰਾਨ ਵੱਖ ਵੱਖ ਖੇਤਰਾਂ ਥਾਵਾਂ ‘ਤੇ ਵੀ ਪੁਲਿਸ ਵੱਲੋਂ ਆਮ ਲੋਕਾਂ ਦੀ ਨਿਰਦਈ ਢੰਗ ਨਾਲ ਕੀਤੀ ਜਾ ਰਹੀ ਭਾਰੀ ਕੁੱਟਮਾਰ, ਡੰਡ ਬੈਠਕਾਂ ਕਢਵਾੳੁਣ, ਕੂਹਣੀਅਾਂ ਭਾਰ ਰੀਂਗ ਕੇ ਚਲਾੳੁਣ, ਗਾਲੀ ਗਲੋਚ ਕਰਨ ਅਤੇ ਵੀਡੀਓ ਬਣਾ ਕੇ ਫੇਸ ਬੁਕ ‘ਤੇ ਅਪਲੋਡ ਕਰਕੇ ੳੁਮਰ ਭਰ ਵਾਸਤੇ ਜਲੀਲ ਕਰਨ ਦੀਅਾਂ ਅਨੈਤਿਕ ਅਤੇ ਗ਼ੈਰ ਕਾਨੂਨੀ ਹਰਕਤਾਂ ਨਾਲ ਦੇਸ਼ ਦੇ ਬਚੇ ਖੁਚੇ ਲੋਕਤੰਤਰ ਦਾ ਵੀ ਜਨਾਜਾ ਨਿਕਲ ਗਿਅਾ ਹੈ। ਪੰਜਾਬ ਪੁਲੀਸ ਨੇ ਅੱਜ 2020 ਵਿੱਚ ਵੀ ਅਪ੍ਰੈਲ 1919 ਵਾਂਗ ਪੰਜਾਬ ਦੀਅਾਂ ਸੜਕਾਂ ਨੂੰ ਕਰਾਓਲਿੰਗ ਰੋਡ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਉਸਦੀ ਮਾਨਸਿਕਤਾ ਅਤੇ ਢੰਗ ਤਰੀਕੇ ਅੱਜ ਵੀ ਅੰਗਰੇਜ਼ ਪੁਲੀਸ ਵਾਲੇ ਹੀ ਹਨ।
ਇਸਤੋਂ ਇਲਾਵਾ ਆਗੂਆਂ ਨੇ ਸਰਕਾਰ ਵੱਲੋਂ ਦੇਸ਼ ਨੂੰ ਇੱਕੀ ਦਿਨਾਂ ਦੇ ਲਾਕ ਡਾਉਨ ਦੌਰਾਨ ਲੋਕਾਂ ਦੀਆਂ ਬੁਨਿਅਾਦੀ ਮੁਸ਼ਕਿਲਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਕੋਰੋਨਾ ਦਾ ਖ਼ਤਰਾ ਪਿਛਲੇ ਦੋ ਮਹੀਨਿਆਂ ਤੋਂ ਮੰਡਰਾ ਰਿਹਾ ਸੀ, ਪਰ ਇਸ ਸਮੇਂ ਦੌਰਾਨ ਸਰਕਾਰ ਜਾਣ ਬੁੱਝ ਕੇ ਸੁੱਤੀ ਪਈ ਰਹੀ… ਸਿਹਤ ਸਹੂਲਤਾਂ, ਹਸਪਤਾਲਾਂ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ, ਵੈੰਟੀਲੇਟਰਾਂ ਦੀ ਗਿਣਤੀ ਵੱਲ ਸਰਕਾਰ ਦਾ ਅੱਜ ਤੱਕ ਕੋਈ ਧਿਆਨ ਨਹੀਂ ਹੈ। ਸਿਰਫ ਡੰਡੇ ਦੇ ਦਮ ਤੇ ਕੋਰੋਨਾ ਨੁੂੰ ਰੋਕਣ ਲਈ ਜੋਰ ਲਾਉਣ ਦੇ ਨਾਲ ਨਾਲ ਸਰਕਾਰ ਨੁੂੰ ਲੋਕਾਂ ਪ੍ਰਤੀ ਅਾਪਣੇ ਫਰਜ਼ਾਂ ਨੂੰ ਪਛਾਣਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਡਿਉਟੀ ਦੇ ਰਹੇ ਸਿਹਤ ਵਰਕਰਾਂ ਅਤੇ ਡਾਕਟਰਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸੇਫਟੀ ਕਿੱਟਾਂ ਦਿੱਤੀਅਾਂ ਜਾਣ,ਸਮੂਹ ਠੇਕਾ ਪ੍ਰਣਾਲੀ ਚ ਕੰਮ ਕਰੇ ਸਿਹਤ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਵੇ, ਮਰੀਜ਼ਾਂ ਲਈ ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾਣ, ਗ਼ਰੀਬ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇ, ਕਿਸਾਨਾਂ ਨੁੂੰ ਆਪਣੀਆਂ ਫਸਲਾਂ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਲਈ ਚਾਰਾ ਲਿਆਉਣ ਦੀ ਖੁੱਲ੍ਹ ਦਿੱਤੀ ਜਾਵੇ।