ਮਹਿਤਪੁਰ (ਅੰਮ੍ਰਿਤਪਾਲ ਸਿੰਘ ) ਮੁਢੱਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਅੱਜ 5 ਸਾਲ ਦੀ ਬੱਚੀ ਦੀ ਮੌਤ ਹੋਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮੌਕੇ ਤੋਂ ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਬਿਲਕੁਲ ਨਾਲ ਦੇ ਮੁਹੱਲੇ ਦੇ ਵਾਸੀ ਹਨੀ ਕੁਮਾਰ ਪੁੱਤਰ ਤਰਸੇਮ ਜੋ ਕਿ ਪੇਸ਼ੇ ਵਜੋਂ ਮਿਹਨਤ ਮਜਦੂਰੀ ਕਰਦਾ ਹੈ ਦੀ 5 ਸਾਲਾਂ ਬੇਟੀ ਮੰਨਤ ਹਸਪਤਾਲ ਦੇ ਗੇਟ ਕੋਲ ਖੇਲ ਰਹੀ ਸੀ ਕਿ ਅਚਾਨਕ ਹੱਥ ਲੱਗਣ ਨਾਲ ਗੇਟ ਉੱਪਰ ਡਿੱਗਣ ਨਾਲ ਗੰਭੀਰ ਜਖਮੀ ਹੋ ਗਈ । ਮੌਕੇ ਤੇ ਤੈਨਾਤ ਡਾਕਟਰੀ ਟੀਮ ਨੇ ਨਕੋਦਰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਕਰ ਦਿੱਤਾ। ਮੌਕੇ ਤੇ ਇਕੱਤਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਹਸਪਤਾਲ ਮੈਨੇਜਮੈਂਟ ਤੇ ਲਾਪਰਵਾਹੀ ਦਾ ਆਰੋਪ ਲਾਉਂਦਿਆਂ ਕਿਹਾ ਕਿ ਤਕਰੀਬਨ ਦੋ-ਢਾਈ ਮਹੀਨੇ ਪਹਿਲਾਂ ਟਰਾਲੀ ਦੀ ਟੱਕਰ ਹੋਣ ਕਾਰਨ ਗੇਟ ਟੁੱਟ ਗਿਆ ਸੀ। ਹਸਪਤਾਲ ਮੁਲਾਜ਼ਮਾਂ ਨੇ ਗੇਟ ਦੇ ਥੱਲੇ ਇੱਟਾਂ ਰੱਖਕੇ ਕੰਧ ਦੇ ਨਾਲ ਹੀ ਖੜਾ ਕਰ ਦਿੱਤਾ। ਇਸ ਨਾਲ ਇਹ ਘਟਨਾ ਵਾਪਰੀ। ਇਸ ਸੰਬੰਧੀ ਐਸ .ਐਮ.ੳ ਮਹਿਤਪੁਰ ਡਾ.ਵਰਿੰਦਰ ਜਗਤ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਲਾਪਰਵਾਹੀ ਵਾਲੀ ਗੱਲ ਨਹੀਂ ਹੈ ਮੈਂ ਉਸ ਸਮੇਂ ਡਿਊਟੀ ਤੇ ਮੌਜੂਦ ਨਹੀਂ ਸੀ । ਮੌਕੇ ਤੇ ਤਾਇਨਾਤ ਸਟਾਫ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਬੱਚੇ ਖੇਡ ਰਹੇ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਨੇ ਇਸ ਹਾਦਸੇ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ।