ਫਗਵਾੜਾ ( ਡਾ ਰਮਨ ) ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ਅੰਦਰ ਚਲ ਰਹੇ ਲਾਕਡਾਉਨ ਕਰਕੇ ਲੋਕਾਂ ਦੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਜਿਸ ਕਰਕੇ ਗਰੀਬ ਅਤੇ ਮੱਧ ਵਰਗ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ 2014 ਦੀਆਂ ਲੋਕਸਭਾ ਚੋਣਾਂ ਨੂੰ ਯਾਦ ਕਰਦੇ ਹੋਏ ਆਪਣੇ ਕੀਤੇ ਵਾਅਦੇ ਦੇ ਪੰਦਰਾਂ-ਪੰਦਰਾਂ ਲੱਖ ਰੁਪਏ ਨਾ ਸਹੀ ਪਰ ਇਸ ਔਖੇ ਸਮੇਂ ਵਿਚ ਲੋਕਾਂ ਨੂੰ ਪੰਦਰਾਂ-ਪੰਦਰਾਂ ਹਜਾਰ ਰੁਪਏ ਦੀ ਆਰਥਕ ਸਹਾਇਤਾ ਤਾਂ ਦਿੱਤੀ ਜਾਵੇ ਤਾਂ ਜੋ ਰੁਜਗਾਰ ਬੰਦ ਹੋਣ ਕਰਕੇ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਬਸਪਾ ਦੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ, ਜੋਨ ਇੰਚਾਰਜ ਲੇਖਰਾਜ ਜਮਾਲਪੁਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਕੀਤਾ। ਉਹਨਾਂ ਕਿਹਾ ਕਿ ਲਾਕਡਾਉਨ ਦੀ ਵਜ੍ਹਾ ਨਾਲ ਮੱਧ ਵਰਗ ਦੇ ਲੋਕਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਆਫਤ ਦੀ ਘੜੀ ਵਿਚ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਕੋਰੋਨਾ ਪੀੜਤਾਂ ਦਾ ਇਲਾਜ਼ ਸਰਕਾਰੀ ਹਸਪਤਾਲ ਦੇ ਨਾਲ ਹੀ ਪ੍ਰਾਈਵੇਟ ਹਸਪਤਾਲ ਵਿਚ ਵੀ ਬਿਲਕੁਲ ਫਰੀ ਕੀਤਾ ਜਾਵੇ। ਪ੍ਰਾਈਵੇਟ ਹਸਪਤਾਲਾਂ ਦਾ ਜੋ ਖਰਚ ਹੋਵੇ ਉਸਦੀ ਅਦਾਇਗੀ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਵੰਡ ਕੇ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਹਲਕਾ ਇੰਚਾਰਜ ਮਨੋਹਰ ਲਾਲ ਜੱਖੂ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ, ਦਿਹਾਤੀ ਪ੍ਰਧਾਨ ਪਰਮਿੰਦਰ ਬੋਧ, ਸ਼ਹਿਰੀ ਪ੍ਰਧਾਨ ਬਲਵਿੰਦਰ ਬੋਧ, ਪਰਮਜੀਤ ਖਲਵਾੜਾ, ਹਰਭਜਨ ਖਲਵਾੜਾ, ਇੰਜੀਨੀਅਰ ਪ੍ਰਦੀਪ ਮੱਲ, ਤਰਸੇਮ ਚੁੰਬਰ, ਕਾਲਾ ਪ੍ਰਭਾਕਰ, ਰਾਮ ਮੂਰਤੀ ਖੇੜਾ, ਪ੍ਰਨੀਸ਼ ਬੰਗਾ, ਅਮਰੀਕ ਪੰਡਵਾ ਆਦਿ ਹਾਜਰ ਸਨ।