* ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਬਦਲ ਰਹੀ ਸਕੂਲ ਦੀ ਨੁਹਾਰ – ਪ੍ਰਿੰ. ਜਸਵਿੰਦਰ ਸਿੰਘ
ਫਗਵਾੜਾ (ਡਾ ਰਮਨ ) ਭਗਤ ਜਵਾਲਾ ਦਾਸ ਸਕੂਲ ਡਿਵੈਲਪਮੈਂਟ ਕਮੇਟੀ ਪਿੰਡ ਲੱਖਪੁਰ ਵਲੋਂ ਐਨ.ਆਰ.ਆਈ. ਵੀਰਾਂ ਅਤੇ ਇਲਾਕੇ ਭਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਨਵੇਂ ਉਸਾਰੇ ਜਾ ਰਹੇ ਪੰਜ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਮੁਕੱਮਲ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਅਤੇ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਸਰਪੰਚ ਨਿਰਮਲਜੀਤ, ਸਕੱਤਰ ਸਰਬਜੀਤ ਸਿੰਘ, ਬਲਦੇਵ ਸਿੰਘ ਅਤੇ ਸੰਤੋਖ ਸਿੰਘ ਨੇ ਦੱਸਿਆ ਕਿ ਪੰਜ ਕਮਰਿਆਂ ਦੀ ਉਸਾਰੀ ਪਹਿਲਾਂ ਮੁਕੱਮਲ ਹੋ ਗਈ ਹੈ ਜਦਕਿ ਪੰਜ ਕਮਰਿਆਂ ਦਾ ਲੈਂਟਰ ਲੈਵਲ ਕੰਪਲੀਟ ਕਰ ਲਿਆ ਗਿਆ ਹੈ ਅਤੇ ਬਾਕੀ ਪੰਜ ਕਮਰੇ ਵੀ ਜੰਗੀ ਪੱਧਰ ਤੇ ਉਸਾਰੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਕੁਲ ਪੱਚੀ ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾਣੀ ਹੈ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਦੇ ਹੋਏ ਸੋਲਰ ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਉਹਨਾਂ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਪਿੰਡ ਦੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੇ ਵਢਮੁੱਲੇ ਸਹਿਯੋਗ ਸਦਕਾ ਸਕੂਲ ਨੂੰ ਨਵੀਂ ਦਿੱਖ ਦੇਣ ਦੇ ਨਾਲ ਹੀ ਅਤੀ ਆਧੂਨਿਕ ਸੁਵਿਧਾਵਾਂ ਨਾਲ ਲੈਸ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਇਹ ਸਕੂਲ ਇਲਾਕੇ ਦੇ ਸਰਕਾਰੀ ਸਕੂਲਾਂ ਵਿਚ ਇਕ ਸਿਰ ਕੱਢ ਸਕੂਲ ਵਜੋਂ ਸਥਾਪਤ ਹੋ ਜਾਵੇਗਾ ਜਿੱਥੇ ਕਾਫੀ ਸੁਵਿਧਾਵਾਂ ਅਜਿਹੀਆਂ ਹੋਣਗੀਆਂ ਜੋ ਪ੍ਰਾਈਵੇਟ ਸਕੂਲਾਂ ਵਿਚ ਵੀ ਘੱਟ ਹੀ ਹੁੰਦੀਆਂ ਹਨ। ਉਹਨਾਂ ਕਿਹਾ ਕਿ ਜਿੱਥੇ ਇਮਾਰਤ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ ਉੱਥੇ ਹੀ ਸਕੂਲ ਵਿਚ ਸਿੱਖਿਆ ਦੇ ਮਿਆਰ ਨੂੰ ਵੀ ਉੱਚਾ ਰੱਖਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ, ਪਰਗਨ ਸਿੰਘ, ਹਰਜਿੰਦਰ ਸਿੰਘ, ਪੰਚਾਇਤ ਮੈਂਬਰ ਅਸ਼ੋਕ ਕੁਮਾਰ, ਦੀਪਕ ਕੁਮਾਰ, ਠੇਕੇਦਾਰ ਗੋਪੀ ਨਾਥ, ਬਲਵਿੰਦਰ ਸਿੰਘ, ਸਮੂਹ ਸਕੂਲੀ ਸਟਾਫ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜਰ ਸਨ।