*ਮਿਹਨਤ ਤੇ ਲਗਨ ਨਾਲ ਹਾਸਲ ਕੀਤਾ ਜਾ ਸਕਦੈ ਹਰੇਕ ਮੁਕਾਮ-ਡਿਪਟੀ ਕਮਿਸ਼ਨਰ ਦੀਪਤੀ ਉੱਪਲ
*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਨਵੇਂ ਕਲਾਸ ਰੂਮ ਕੀਤੇ ਵਿਦਿਆਰਥੀਆਂ ਨੂੰ ਸਮਰਪਿਤ
*ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਫਗਵਾੜਾ, 19 ਫਰਵਰੀ (ਡਾ ਰਮਨ , ਅਜੇ ਕੋਛੜ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਗਵਾੜਾ ਵਿਖੇ ਅੱਜ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਜਦਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਪੜਾਈ, ਖੇਡਾਂ ਅਤੇ ਹੋਰਨਾਂ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉਥੇ ਸਕੂਲ ਦੇ ਨਵੇਂ ਕਲਾਸ ਰੂਮ ਵੀ ਉਦਘਾਟਨ ਤੋਂ ਬਾਅਦ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਮੁੱਖ ਮਹਿਮਾਨ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਣਲਣ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬੇਹੱਦ ਗੰਭੀਰ ਹੈ, ਜਿਸ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਕੇ ਇਨਾਂ ਨੂੰ ਹਰੇਕ ਪੱਖੋਂ ਸਮਾਰਟ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਯੋਗ ਅਤੇ ਤਜਰਬੇਕਾਰ ਹਨ ਅਤੇ ਇਨਾਂ ਸਕੂਲਾਂ ਵਿਚੋਂ ਪੜੇ ਵਿਦਿਆਰਥੀਆਂ ਵੱਲੋਂ ਉੱਚ ਮੁਕਾਮ ਹਾਸਲ ਕੀਤੇ ਗਏ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਿੱਖ ਬਦਲਣ ਲਈ ਜਿਥੇ ਸਰਕਾਰ ਜੀਅ-ਤੋੜ ਕੋਸ਼ਿਸ਼ ਕਰ ਰਹੀ ਹੈ, ਉਥੇ ਸਮਾਜ ਸੇਵਕਾਂ ਵੱਲੋਂ ਵੀ ਇਸ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਭਨਾਂ ਦੀ ਸਲਾਹ ਅਨੁਸਾਰ ਸਕੂਲ ਦੀ ਪੁਰਾਤਨ ਇਮਾਰਤ ਦੇ ਰੱਖ-ਰਖਾਅ ਅਤੇ ਨਵੀਨੀਕਰਨ ਲਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨਾਂ ਸਕੂਲ ਅਤੇ ਖੇਡ ਮੈਦਾਨ ਵਿਚ 2 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਉਣ ਤੋਂ ਇਲਾਵਾ ਸਕੂਲ ਤੋਂ ਗੇਟ ਤੋਂ ਸਕੂਲ ਕੰਪਲੈਕਸ ਤੱਕ ਜਾਂਦੇ ਰਸਤੇ ਨੂੰ ਵੀ ਪੱਕਾ ਕਰਵਾਉਣ ਦਾ ਐਲਾਨ ਕੀਤਾ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਜੀਵਨ ਵਿਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨਾਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਜੀਵਨ ਜਿੳੂਣ ਅਤੇ ਆਪਣੇ ਜੀਵਨ ਦਾ ਟੀਚਾ ਮਿੱਥ ਕੇ ਉਸ ਲਈ ਦਿਨ-ਰਾਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜ਼ਿਲੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਟੀਚਾ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਭਾਗ ਵੱਲੋਂ ਤਿੰਨ ਨੁਕਾਤੀ ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ ਵਿਚ ਸ਼ਤ-ਪ੍ਰਤੀਸ਼ਤ ਨਤੀਜੇ, ਇਨਰੋਲਮੈਂਟ ਅਤੇ ਸਕੂਲਾਂ ਨੂੰ ਸਮਾਰਟ ਬਣਾਉਣਾ ਸ਼ਾਮਿਲ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਜਲਦ ਹੀ ਸੈਲਫ ਮੇਡ ਸਮਾਰਟ ਸਮੂਲ ਬਣਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸਕੂਲ ਦੇ ਪਿ੍ਰੰਸੀਪਲ ਸ੍ਰੀ ਰਣਜੀਤ ਕੁਮਾਰ ਗੋਗਨਾ ਨੇ ਆਏ ਹੋਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਅਤੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨਾਂ ਸਕੂਲ ਦੀ ਬਿਹਤਰੀ ਲਈ ਯੋਗਦਾਨ ਦੇਣ ਵਾਲੇ ਸਮਾਜ ਸੇਵਕਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਐਸ. ਡੀ. ਐਮ ਫਗਵਾੜਾ ਸ. ਗੁਰਵਿੰਦਰ ਸਿੰਘ ਜੌਹਲ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ ਥਿੰਦ ਅਤੇ ਸ. ਗੁਰਸ਼ਰਨ ਸਿੰਘ, ਐਸ. ਐਚ. ਓ ਸ. ਓਂਕਾਰ ਸਿੰਘ ਬਰਾੜ, ਸਕੂਲ ਮੇਨੈਜਿੰਗ ਕਮੇਟੀ ਦੇ ਚੇਅਰਮੈਨ ਸ. ਬਲਵੰਤ ਸਿੰਘ, ਸ੍ਰੀ ਕੇ. ਕੇ ਸਰਦਾਨਾ, ਸ. ਮਲਕੀਤ ਸਿੰਘ ਰਘਬੋਤਰਾ, ਸ੍ਰੀ ਮਨੀਸ਼ ਪ੍ਰਭਾਕਰ, ਸ੍ਰੀ ਉਮੇਸ਼ ਕੁਮਾਰ ਬੰਟੀ, ਸ੍ਰੀ ਤਾਰਾ ਚੰਦ, ਸ. ਅਜੀਤ ਸਿੰਘ, ਸ. ਸੀਤਲ ਸਿੰਘ, ਸ੍ਰੀ ਸਤਪਾਲ ਸੇਠੀ, ਪਿ੍ਰੰਸੀਪਲ ਮੀਨੂੰ ਗੁਪਤਾ, ਪਿ੍ਰੰਸੀਪਲ ਸੁਰੇਸ਼ ਗੁਪਤਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਸਕੂਲ ਸਟਾਫ, ਵਿਦਿਆਰਥੀ ਅਤੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।