* ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਦੀ ਹੋਵੇਗੀ ਇੰਨ-ਬਿਨ ਪਾਲਣਾ
ਫਗਵਾੜਾ (ਡਾ ਰਮਨ) ਕੋਰੋਨਾ ਆਫਤ ਦੌਰਾਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਹੁਕਮਾ ਅਨੁਸਾਰ ਪ੍ਰਸ਼ਾਸਨ ਵਲੋਂ ਜਾਰੀ ਭੀੜ ਇਕੱਠੀ ਨਾ ਹੋਣ ਦੇਣ ਸਬੰਧੀ ਹਦਾਇਤ ਦੇ ਬਾਵਜੂਦ ਫਗਵਾੜਾ ਦੀ ਸਬਜੀ ਮੰਡੀ ‘ਚ ਇਸ ਨੀਯਮ ਦੀ ਲਗਾਤਾਰ ਹੋ ਰਹੇ ਉਲੰਘਣਾ ਨੂੰ ਦੇਖਦੇ ਹੋਏ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਏ.ਡੀ.ਸੀ. ਰਾਜੀਵ ਵਰਮਾ ਅਤੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਅਤੇ ਐਸ.ਪੀ. ਮਨਵਿੰਦਰ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਸੀਨੀਅਰ ਆਗੂ ਵਿਨੋਦ ਵਰਮਾਨੀ ਵੀ ਖਾਸ ਤੌਰ ਤੇ ਮੋਜੂਦ ਰਹੇ। ਵਿਧਾਇਕ ਧਾਲੀਵਾਲ ਨੇ ਮੀਟਿੰਗ ਉਪਰੰਤ ਦੱਸਿਆ ਕਿ ਲਗਾਤਾਰ ਖਬਰਾਂ ਮਿਲ ਰਹੀਆਂ ਹਨ ਕਿ ਫਗਵਾੜਾ ਦੀ ਸਬਜੀ ਮੰਡੀ ਵਿਚ ਕੋਰੋਨਾ ਸਬੰਧੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਨਹੀਂ ਹੋ ਰਹੀ ਜਿਸ ਨੂੰ ਯਕੀਨੀ ਬਨਾਉਣ ਸਬੰਧੀ ਵਿਚਾਰ ਵਟਾਂਦਰਾ ਹੋਇਆ ਹੈ। ਮੰਡੀ ਵਿਚ ਆੜਤੀਆਂ ਨੂੰ ਸਖਤ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਸਰੀਰਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਅਮਲੀ ਰੂਪ ਦੇਣ। ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਪਰਚੂਨ ਵਿਚ ਸਬਜੀ ਖਰੀਦਣ ਲਈ ਕੋਈ ਵਿਅਕਤੀ ਮੰਡੀ ਵਿਚ ਦਾਖਲ ਨਾ ਹੋਵੇ। ਆੜ•ਤੀਆਂ, ਸਬਜੀ ਕਿਸਾਨਾਂ ਅਤੇ ਵੈਂਡਰਾਂ ਨੂੰ ਮੂੰਹ ਤੇ ਮਾਸਕ ਲਗਾਉਣ ਜਾਂ ਰੁਮਾਲ ਆਦਿ ਨਾਲ ਢੱਕ ਕੇ ਰੱਖਣ ਤੇ ਹੱਥਾਂ ਵਿਚ ਦਸਤਾਨੇ ਪਾਉਣ ਨੂੰ ਵੀ ਯਕੀਨੀ ਬਨਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ। ਮੀਟਿੰਗ ਦੌਰਾਨ ਐਸ.ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਸਬਜੀ ਮੰਡੀ ਵਿਚ ਉਹ ਜਿੱਮੇਵਾਰ ਪੁਲਿਸ ਅਧਿਕਾਰੀਆਂ ਦੀ ਡਿਉਟੀ ਲਗਾਉਣਗੇ ਅਤੇ ਖੁਦ ਵੀ ਨਜ਼ਰ ਰੱਖਣਗੇ ਕਿ ਜਿਲ•ਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਕਿਸੇ ਤਰ•ਾਂ ਦੇ ਨੀਯਮ ਦੀ ਉਲੰਘਣਾ ਨਾ ਹੋਵੇ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਯੂਥ ਕਾਂਗਰਸੀ ਆਗੂ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਆਦਿ ਹਾਜਰ ਸਨ।