ਲੁਧਿਆਣਾ, 31 ਮਈ 2020 – ‘ਬਾਬਾ ਵੇ ਕਲਾ ਮਰੋੜ’ ਅਤੇ ‘ਤੇਰਾ ਬੜਾ ਕਰਾਰਾ ਪੂਦਨਾ’ ਵਰਗੇ ਮਸ਼ਹੂਰ ਗੀਤ ਗਾ ਚੁੱਕੇ ਪੰਜਾਬੀ ਗਾਇਕ ਕੇ ਦੀਪ ਇਨ੍ਹੀ ਦਿਨੀਂ ਇੱਕ ਬੀਮਾਰੀ ਨਾਲ ਜੂਝ ਰਹੇ ਨੇ, ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਹੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਹੁਣ ਕੈਨੇਡਾ ਤੋਂ ਪਰਤੀ ਉਨ੍ਹਾਂ ਦੀ ਬੇਟੀ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ। ਹਾਲਾਂਕਿ ਕੇ. ਦੀਪ ਬੋਲਣ ਦੀ ਹਾਲਤ ਵਿੱਚ ਨਹੀਂ ਹਨ।

ਕੇ. ਦੀਪ ਦੀ ਬੇਟੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਬਿਮਾਰੀ ਬਾਰੇ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਤੁਰੰਤ ਆਪਰੇਸ਼ਨ ਦੇ ਅਗਲੇ ਦਿਨ ਉਹ ਲੁਧਿਆਣਾ ਪਹੁੰਚ ਗਏ। ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਹਾਲੇ ਵੀ ਉਨ੍ਹਾਂ ਦੀ ਬੀਮਾਰੀ ‘ਤੇ ਕਾਫੀ ਖਰਚਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਤਾਂ ਲੋੜ ਨਹੀਂ। ਪਰ ਇਸ ਗੱਲ ਦਾ ਜ਼ਰੂਰ ਮਲਾਲ ਹੈ ਕਿ ਇਨ੍ਹਾਂ ਵੱਡੇ ਗਾਇਕ ਹੋਣ ਦੇ ਬਾਵਜੂਦ ਸਟੇਟ ਅਵਾਰਡੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ।

ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਜਾਂ ਹੌਸਲਾ ਅਫਜਾਈ ਜ਼ਰੂਰ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਉਨ੍ਹਾਂ ਦੇ ਨਾਲ ਆ ਕੇ ਨਹੀਂ ਖੜ੍ਹਿਆ। ਪਰ ਕੁੱਝ ਗਾਇਕਾਂ ਵੱਲੋਂ ਜ਼ਰੂਰ ਉਨ੍ਹਾਂ ਨੂੰ ਫੋਨ ਕਰਕੇ ਹਾਲ ਚਾਲ ਜਾਣਿਆ ਗਿਆ। ਉੱਧਰ ਦੂਜੇ ਪਾਸੇ ਕੇ. ਦੀਪ ਨੇ ਵੀ ਕਿਹਾ ਕਿ ਸਰਕਾਰਾਂ ਨੇ ਉਨ੍ਹਾਂ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ ਨਾ ਹੀ ਹਾਲ ਜਾਣਿਆ।

ਸੋ ਜਿੱਥੇ ਇੱਕ ਪਾਸੇ ਕੋਈ ਸਮਾਂ ਸੀ ਜਦੋਂ ਕੇ. ਦੀਪ ਨੂੰ ਸੁਣਨ ਲਈ ਹਜ਼ਾਰਾਂ ਸਰੋਤਿਆਂ ਦੀ ਭੀੜ ਲੱਗ ਜਾਂਦੀ ਸੀ। ਅੱਜ ਉਹ ਹੀ ਕੇ. ਦੀਪ ਬਿਸਤਰੇ ‘ਤੇ ਨੇ ਅਤੇ ਧੀ ਨੂੰ ਛੱਡ ਕੇ ਕੋਈ ਵੀ ਉਨ੍ਹਾਂ ਦੇ ਨਾਲ ਨਹੀਂ।