* ਐਸ.ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਮੰਜੂਰ ਨਹੀਂ – ਤਰਸੇਮ ਚੁੰਬਰ
ਫਗਵਾੜਾ (ਡਾ ਰਮਨ ) ਅੰਬੇਡਕਰ ਸੈਨਾ ਪੰਜਾਬ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਅਤੇ ਸੀਨੀਅਰ ਆਗੂ ਤਰਸੇਮ ਚੁੰਬਰ ਨੇ ਦੱਸਿਆ ਕਿ ਸੰਤ ਸਮਾਜ ਸੰਘਰਸ਼ ਕਮੇਟੀ ਵਲੋਂ 10 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾ ਰਹੇ ਚੱਕਾ ਜਾਮ ਅੰਦੋਲਨ ਵਿਚ ਅੰਬੇਡਕਰ ਸੈਨਾ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਅਤੇ ਇਸ ਅੰਦੋਲਨ ਨੂੰ ਸਫਲ ਬਣਾਇਆ ਜਾਵੇਗਾ। ਸੁਰਿੰਦਰ ਢੰਡਾ ਨੇ ਕਿਹਾ ਕਿ 1650 ਪ੍ਰਾਈਵੇਟ ਵਿਦਿਅਕ ਅਦਾਰਿਆਂ ਵਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੜਾਈ ਵਾਸਤੇ ਦਾਖਲੇ ਨਾ ਦੇਣਾ ਗੰਭੀਰ ਮੁੱਦਾ ਹੈ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ 64 ਕਰੋੜ ਦੇ ਘਪਲੇ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਆਪਣੇ ਕੈਬਿਨੇਟ ਮੰਤਰੀ ਨੂੰ ਜੋ ਕਲੀਨ ਚਿਟ ਦਿੱਤੀ ਗਈ ਹੈ ਉਸ ਨਾਲ ਐਸ.ਸੀ./ਐਸ.ਟੀ. ਸਮਾਜ ‘ਚ ਗੁੱਸੇ ਦੀ ਲਹਿਰ ਹੈ। ਮਾਮਲੇ ਦੀ ਸੀ.ਬੀ.ਆਈ. ਤੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਤਰਸੇਮ ਚੁੰਬਰ ਨੇ ਦੱਸਿਆ ਕਿ 10 ਅਕਤੂਬਰ ਨੂੰ ਫਗਵਾੜਾ ‘ਚ ਅੰਬੇਡਕਰ ਸੈਨਾ ਪੰਜਾਬ ਦੇ ਸਮੂਹ ਵਰਕਰ ਚੱਕਾ ਜਾਮ ਕਰਨਗੇ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।