ਫਗਵਾੜਾ,26 ਨਵੰਬਰ(ਅਜੈ ਕੋਛੜ) ਉਚੇਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਮਾਂ ਅੰਬੇ ਗਰਲਜ਼ ਸੀ.ਸੈਕੰ. ਸਕੂਲ, ਪਿੰਡ ਭਾਣੋਕੀ (ਫਗਵਾੜਾ) ਵਿਖੇ 26 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਖਾਂ ਦਾ ਚੌਥਾ ਮੁਫ਼ਤ ਚੈੱਕਅਪ ਕੈਂਪ ਸਕੂਲ ਦੇ ਚੇਅਰਮੈਨ ਸ੍ਰ ਨਿਰਮਲ ਸਿੰਘ ਅਤੇ ਸ਼੍ਰੀਮਤੀ ਹਰਭਜਨ ਕੌਰ ਵੱਲੋਂ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੋਰ ਦੀ ਸੁਚੱਜੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦੌਰਾਨ ਸ੍ਰ ਸਤਿੰਦਰ ਸਿੰਘ ਐੱਸ.ਐੱਸ.ਪੀ. ਕਪੂਰਥਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਸਕੂਲ ਸਟਾਫ ਵੱਲੋਂ ਫੁੱਲ ਦਾ ਗੁਲਦਸਤਾ ਭੇਂਟ ਕਰ ਜੀ ਆਇਆ ਨੂੰ ਆਖਿਆ ਅਤੇ ਨਿੱਘਾ ਸਵਾਗਤ ਕੀਤਾ। ਇਸ ਕੈਂਪ ਦਾ ਸ਼ੁੱਭ ਆਰੰਭ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਕੀਤਾ ਜੋ ਆਏ ਹੋਏ ਸਾਰੇ ਪਤਵੰਤਿਆਂ ਨੇ ਸਰਵਣ ਕਰਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ । ਇਸ ਕੈਂਪ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਉਹਨਾਂ ਦੀ ਟੀਮ ਦੁਆਰਾ ਸਕੂਲ ਦੇ ਬੱਚਿਆਂ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲਗਭਗ 500 ਲੋਕਾਂ ਦੀਆਂ ਅੱਖਾਂ ਦਾ ਨਿਰੀਖਣ ਕਰ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਇਸ ਦੌਰਾਨ 20 ਮਰੀਜਾਂ ਦੇ ਮੁਫ਼ਤ ਅਪ੍ਰੇਸ਼ਨ ਵੀ ਫ੍ਰੀ ਕੀਤੇ ਜਾਣਗੇ। ਕੈਂਪ ਦੇ ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਆਖਿਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨਕਾਲ ਦੌਰਾਨ ਜਿੱਥੇ ਜਾਤ-ਪਾਤ ਊਚ-ਨੀਚ ਦਾ ਭੇਦਭਾਵ ਖਤਮ ਕੀਤਾ ਉੱਥੇ ਹੀ ਉਨ੍ਹਾਂ ਨੇ ਸਮੂਹ ਲੋਕਾਈ ਦੇ ਭਲੇ ਲਈ ਗੁਰਬਾਣੀ ਦੀ ਰਚਨਾ ਕਰ ਭੁੱਲੇ ਭਟਕੇ ਲੋਕਾਂ ਨੂੰ ਸੱਚੇ ਮਾਰਗ ਤੋਰਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਕੇ.ਕੇ.ਸਰਦਾਨਾ, ਸ੍ਰ ਅਵਤਾਰ ਸਿੰਘ, ਸ਼੍ਰੀ ਧਰਮਪਾਲ, ਉੱਘੇ ਸਮਾਜ ਸੇਵਕ ਮਲਕੀਅਤ ਸਿੰਘ ਰਘਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਫਗਵਾੜਾ, ਸ੍ਰ ਸੌਦਾਗਰ ਸਿੰਘ ਨੇ ਵੀ ਸਕੂਲ ਸਟਾਫ, ਪ੍ਰਿੰਸੀਪਲ ਮੈਡਮ ਕੁਲਵਿੰਦਰ ਕੋਰ ਅਤੇ ਵਿਦਿਆਰਥਣਾਂ ਵੱਲੋਂ ਕੀਤੇ ਗਏ ਇਸ ਭਲੇ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਧਾਈਆਂ ਦਿੱਤੀਆਂ।