(ਸਾਹਬੀ ਦਾਸੀਕੇ ਸ਼ਾਹਕੋਟੀ/ਜਸਵੀਰ ਸਿੰਘ ਸ਼ੀਰਾ)


ਸ਼ਾਹਕੋਟ/ਮਲਸੀਆਂ,11 ਜੁਲਾਈ:- ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ‘ਚ 500 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਡੀ.ਐਸ.ਪੀ. ਸ੍ਰ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਨੇ ਪੁਲਿਸ ਪਾਰਟੀ ਸਮੇਤ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇੱਕ ਸੀ.ਟੀ.-100 ਮੋਟਰਸਾਈਕਲ ਨੰ: ਪੀ.ਬੀ.46-ਏ.ਏ.-4299 ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਮੋਟਰਸਾਈਕਲ ਚਾਲਕ ਪਾਸੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਮੁਹੱਲਾ ਚਾਹ ਬੇਰੀਆ ਵਾਰਡ ਨੰਬਰ-9 ਜ਼ੀਰਾਂ ਜਿਲ੍ਹਾ ਫਿਰੋਜ਼ਪੁਰ ਦੱਸਿਆ, ਜਿਸ ਦੇ ਮੋਢਿਆ ਤੇ ਪਾਈ ਕਿੱਟ ਬੈਗ ਦੀ ਸ਼ੱਕ ਦੇ ਬਿਨਾਹ ਤੇ ਤਲਾਸ਼ੀ ਲਈ ਤਾਂ ਉਸ ਵਿੱਚ ਰੱਖੇ ਇੱਕ ਮੋਮੀ ਲਿਫਾਫ਼ੇ ਵਿੱਚੋਂ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਪੁਲਿਸ ਨੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਉਨਾਂ ਦੱਸਿਆ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰ ਹੋਰ ਡੁੰਗਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਪਾਸੋਂ ਨਸ਼ੇ ਨਾਲ ਸਬੰਧਤ ਹੋਰ ਵਿਅਕਤੀਆਂ ਬਾਰੇ ਅਹਿਮ ਸੁਰਾਖ਼ ਲੱਗਣ ਦੀ ਆਸ ਹੈ।