(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ, ਸ੍ਰ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜਲੰਧਰ ਦਿਹਾਤੀ ਦੀਆਂ ਹਦਾਇਤਾ ਅਨੁਸਾਰ ਸ੍ਰ. ਸਰਬਜੀਤ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰ. ਪਿਆਰਾ ਸਿੰਘ ਥਿੰਦ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ’ਚ ਸ਼ਾਹਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ 1 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਲਖਵਿੰਦਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਫਲਾਈਓਵਰ ਮੀਏਵਾਲ ਮੌਲਵੀਆ (ਸ਼ਾਹਕੋਟ) ਤੋਂ ਨਾਕਾ ਬੰਦੀ ਦੌਰਾਨ ਪਵਨੀਤ ਸਿੰਘ ਉਰਫ ਜੋਨੀ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਮਕਾਨ ਨੰਬਰ 1870/15 ਦਰੇਸ਼ੀ ਰੋਡ ਨਜਦੀਕ ਵੇਦ ਮੰਦਿਰ ਲੁਧਿਆਣਾ ਹਾਲ ਵਾਸੀ ਮਕਾਨ ਨੰਬਰ 261 ਗਲੀ ਨੰਬਰ 2 ਨਾਨਕ ਨਗਰ ਲੁਧਿਆਣਾ ਨੂੰ ਕਾਬੂ ਕਰਕੇ, ਉਸ ਪਾਸੋ 01 ਕਿਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਹੈ। ਜਿਸ ਦੇ ਖਿਲਾਫ ਪੁਲਿਸ ਨੇ ਮੁਕੱਦਮਾ ਨੰਬਰ 44 ਮਿਤੀ 10-03-2020 ਜ਼ੁਰਮ 18-61-85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕਰ ਲਿਆ ਹੈੈ।
ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਪਵਨੀਤ ਸਿੰਘ ਉਰਫ ਜੋਨੀ (ਉਮਰ 36 ਸਾਲ) ਨੇ ਦੱਸਿਆ ਕਿ ਉਹ ਲੋਹੇ ਦੇ ਗੇਟ ਅਤੇ ਗਰਿੱਲਾ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਹ ਅਰਸਾ ਕਰੀਬ 6-7 ਮਹੀਨੇ ਪਹਿਲਾ ਅਫੀਮ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ ਤੇ ਉਹ ਇਹ ਅਫੀਮ ਸਟੇਟ ਝਾਰਖੰਡ ਤੋਂ ਲੈ ਕੇ ਆਇਆ ਸੀ ਤੇ ਹੋਲੀ ਦਾ ਤਿਉਹਾਰ ਹੋਣ ਕਰਕੇ ਸ਼ਾਹਕੋਟ, ਮਲਸੀਆ ਦੇ ਏਰੀਆ ਵਿੱਚ ਗਾਹਕਾਂ ਨੂੰ ਸਪਲਾਈ ਕਰਨ ਲਈ ਆਇਆ ਸੀ। ਉਨਾਂ ਦੱਸਿਆ ਕਿ ਉਸ ਨੂੰ ਝਾਰਖੰਡ ਵਾਲੇ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਣਾ ਸੀ ਕਿ ਅਫੀਮ ਕਿਹੜੇ ਵਿਅਕਤੀਆ ਨੂੰ ਸਪਲਾਈ ਕਰਨੀ ਹੈ। ਉਨਾਂ ਦੱਸਿਆ ਕਿ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਪਾਸੋਂ ਪੰਜਾਬ ਵਿੱਚ ਨਸ਼ੇ ਦੀ ਸਮੱਗਲਿੰਗ ਕਰ ਰਹੇ ਵਿਅਕਤੀਆ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।