ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਅੱਜ ਠੀਕ ਹੋਣ ਬਾਅਦ ਅੱਜ ਘਰ ਰਵਾਨਾ ਹੋ ਗਿਆ।
ਬੀਤੀ 18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੇ ਦਿਹਾਂਤ ਬਾਅਦ ਲਏ ਗਏ ਟੈਸਟ ਤੋਂ ਬਾਅਦ, ਰਾਜ ’ਚ ਕੋਰੋਨਾ ਮਾਮਲਿਆਂ ਦਾ ਧੁਰਾ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਵਾਲੀ ਸਥਿਤੀ ਬਣ ਗਈ ਹੈ। ਭਾਵੇਂ ਕਿ ਜ਼ਿਲ੍ਹੇ ਨੂੰ ਰੈੱਡ ਜ਼ੋਨ ’ਚੋਂ ਗ੍ਰੀਨ ਜ਼ੋਨ ’ਚ ਜਾਣ ਲਈ ਹਾਲਾਂ 28 ਦਿਨ ਦੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ’ਤੇ ਕੋੋਰਨਾ ਦੀ ਦਹਿਸ਼ਤ ਦਾ ਪਿਆ ਪ੍ਰਛਾਵਾਂ ਅੱਜ ਸਮਾਪਤ ਹੋ ਗਿਆ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ 19 ਮਾਰਚ ਤੋਂ 26 ਮਾਰਚ ਤੱਕ ਇੱਕ ਦਮ ਆਏ 18 ਕੋਰੋਨਾ ਮਾਮਲਿਆਂ ਨੂੰ ਜਿਸ ਸੰਜੀਦਗੀ ਤੇ ਸੇਵਾ ਭਾਵ ਨਾਲ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਨਜਿੱਠਿਆ ਹੈ, ਉਸ ਦਾ ਹੀ ਨਤੀਜਾ ਹੈ ਕਿ ਜ਼ਿਲ੍ਹਾ ਬਿਨਾਂ ਕਿਸੇ ਹੋਰ ਵਡਮੁੱਲੀ ਜਾਨ ਨੂੰ ਗਵਾਇਆਂ, ਇਸ ਮੁਸ਼ਕਿਲ ’ਚੋਂ ਬਾਹਰ ਨਿਕਲ ਆਇਆ ਹੈ। ਉਨ੍ਹਾਂ ਇਸ ਦਾ ਸਿਹਰਾ ਸਿਹਤ, ਪ੍ਰਸ਼ਾਸਕੀ, ਪੁਲਿਸ ਅਤੇ ਜ਼ਮੀਨੀ ਪੱਧਰ ’ਤੇ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਇੱਕ ਆਪਣੀ ਜ਼ਿੰਮੇਂਵਾਰੀ ਨੂੰ ਤਨਦੇਹੀ ਨਾਲ ਨਾ ਨਿਭਾਉਂਦਾ ਤਾਂ ਅੱਜ ਵਾਲਾ ਨਤੀਜਾ ਨਹੀਂ ਸੀ ਨਿਕਲਣਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅੱਜ ਘਰ ਭੇਜੇ ਗਏ 16 ਸਾਲਾ ਕੋਵਿਡ ’ਤੇ ਜਿੱਤ ਪਾਉਣ ਵਾਲੇ ਨੌਜੁਆਨ ਨੂੰ ਸ਼ੁੱਭ ਇਛਾਵਾਂ ਵਜੋਂ ਫਲ ਅਤੇ ਚਾਕਲੇਟ ਵੀ ਭੇਟ ਕੀਤੇ ਅਤੇ ਉਸ ਨੂੰ 14 ਦਿਨ ਦਾ ਕੁਆਰਨਟਾਈਨ ਸਮਾਂ ਘਰ ’ਚ ਪੂਰਾ ਕਰਨ ਦੀ ਤਾਕੀਦ ਕੀਤੀ।
ਐਸ ਐਸ ਪੀ ਅਲਕਾ ਅਲਕਾ ਮੀਨਾ ਨੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਟੀਮ ਵਜੋਂ ਕੰਮ ਕਰਦਿਆਂ ਅਸੰਭਵ ਨੂੰ ਸੰਭਵ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਰ ਅਜੇ ਮੁਕੰਮਲ ਨਹੀਂ ਹੋਇਆ, ਸਾਨੂੰ ਆਪਣੇ ਜ਼ਿਲ੍ਹੇ ਨੂੰ ਸੁਰੱਖਿਅਤ ਜ਼ੋਨ ’ਚ ਲਿਆਉਣ ਲਈ ਹਾਲੇ ਘਰਾਂ ’ਚ ਹੀ ਰਹਿਣਾ ਪਵੇਗਾ ਅਤੇ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦਾ ਹਕੀਕੀ ਰੂਪ ’ਚ ਪਾਲਣ ਕਰਨਾ ਪਵੇਗਾ।
ਐਮ ਐਲ ਏ ਅੰਗਦ ਸਿੰਘ ਨੇ ਇਸ ਮੌਕੇ ਆਖਿਆ ਕਿ ਸਮੁੱਚਾ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਵਿਭਾਗ, ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਤੋਰਨ ਦਾ 10 ਅਪਰੈਲ ਤੋਂ ਸ਼ੁਰੂ ਕੀਤਾ ਸਿਲਸਿਲਾ ਅੱਜ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, ਜਿਹੜਾ ਕਿ ਕੋਵਿਡ-19 ਦੇ ਪ੍ਰਭਾਵ ’ਚ ਆਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਸੀ, ਅੱਜ ਮੁਕਤ ਹੋਣ ਵਾਲਾ ਵੀ ਪਹਿਲਾ ਬਣ ਗਿਆ ਹੈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਪੀੜਤ ਪਾਏ ਗਏ ਇਨ੍ਹਾਂ 18 ਮਰੀਜ਼ਾਂ ’ਚ 14 ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਸਨ ਜਦਕਿ ਬਾਕੀ ਤਿੰਨ ਵੀ ਇਸੇ ਪਿੰਡ ਨਾਲ ਤੇ ਇੱਕ ਹੋਰ ਨਾਲ ਦੇ ਪਿੰਡ ਲਧਾਣਾ ਝਿੱਕਾ ਨਾਲ ਸਬੰਧਤ ਸੀ।
ਅਠਾਰਵੇਂ ਤੇ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਮੌਕੇ ਹਸਪਤਾਲ ਦੇ ਸਟਾਫ਼ ਦਾ ਸਮੂਹ ਅਧਿਕਾਰੀਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਐਸ ਐਮ ਓ ਡਾ. ਹਰਿਵੰਦਰ ਸਿੰਘ ਨੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਐਸ ਐਮ ਓ ਡਾ. ਹਰਵਿੰਦਰ ਸਿੰਘ ਤੇ ਸਮੁੱਚਾ ਹਸਪਤਾਲ ਦਾ ਸਟਾਫ਼ ਵੀ ਮੌਜੂਦ ਸੀ।