ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ, ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ (88) ਦੀ ਤਬੀਅਤ ਵਿਗੜਨ ਮਗਰੋਂ ਉਨਾਂ ਨੂੰ ਇਲਾਜ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਆਪਣੀ ਉਮਰ ਦਾ ਵੱਡਾ ਪੈਂਡਾ ਲੰਘਾਉਣ ਵਾਲੇ ਗੁਰਦਾਸ ਸਿੰਘ ਬਾਦਲ ਦਾ ਇਲਾਜ ਚੱਲ ਰਿਹਾ ਹੈ।

ਵੇਰਵਿਆਂ ਅਨੁਸਾਰ ਉਨਾਂ ਦੀ ਸਥਿਤੀ ਨੂੰ ਦੇਖਦਿਆਂ ਆਈ.ਸੀ.ਯੂ ’ਚ ਰੱਖਿਆ ਗਿਆ ਹੈ। ਪਤਾ ਲੱਗਿਆ ਹੈ ਕਿ ਉਨਾਂ ਨੂੰ ਸ਼ੂਗਰ ਦੀ ਕਾਫੀ ਦੀ ਪੁਰਾਣੀ ਬਿਮਾਰੀ ਹੈ ਜੋ ਹੁਣ ਦਿਲ ਅਤੇ ਗੁਰਦਿਆਂ ‘ਤੇ ਅਸਰ ਪਾਉਣ ਲੱਗੀ ਹੈ। ਇੱਕ ਮਹੀਨੇ ਤੋਂ ਵੱਧ ਅਰਸਾ ਪਹਿਲਾਂ ਉਨਾਂ ਦੀ ਧਰਮਪਤਨੀ ਹਰਮਿੰਦਰ ਕੌਰ ਬਾਦਲ ਸਿਰ ਦੇ ਕੈਂਸਰ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਆਪਣੇ ਜੀਵਨ ਸਾਥੀ ਦੇ ਚਲੇ ਜਾਣ ਕਾਰਨ ਦਾਸ ਜੀ ਨੂੰਂ ਕਾਫ਼ੀ ਸਦਮਾ ਲੱਗਿਆ ਹੈ। ਸੂਤਰ ਦੱਸਦੇ ਹਨ ਕਿ ਤਾਜਾ ਸ਼ਕਾਇਤ ਬਲੱਡ ਪ੍ਰੈਸ਼ਰ ਦੀ ਸਾਹਮਣੇ ਆਈ ਹੈ ਜੋ ਕਿ ਘਟਿਆ ਹੋਇਆ ਸੀ। ਇਸ ਤੋਂ ਬਿਨਾਂ ਕੁੱਝ ਹੋਰ ਵੀ ਸਮੱਸਿਆਵਾਂ ਸਨ ਜਿਨ੍ਹਾਂ ਕਾਰਨ ਉਨਾਂ ਨੂੰ ਤੁਰੰਤ ਫੋਰਟਿਸ ’ਚ ਇਲਾਜ ਲਈ ਲਿਜਾਇਆ ਗਿਆ।

ਦੱਸਿਆ ਜਾਂਦਾ ਹੈ ਕਿ ਵੱਡੇ ਸਰਕਾਰੀ ਰੁਝੇਵਿਆਂ ਦੇ ਬਾਵਜੂਦ ਵਿੱਤ ਮੰਤਰੀ ਆਪਣੇ ਪਿਤਾ ਦੀ ਸਿਹਤਯਾਬੀ ਲਈ ਹਸਪਤਾਲ ’ਚ ਰਹਿੰਦੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਜਾਣਕਾਰੀ ਅਨੁਸਾਰ ਬਾਦਲ ਦੀ ਸਿਹਤ ’ਚ ਸੁਧਾਰ ਹੈ ਜਿਸ ਕਰਕੇ ਉਨਾਂ ਨੂੰ ਜਲਦੀ ਹੀ ਛੁੱਟੀ ਦਿੱਤੇ ਜਾਣ ਦੇ ਆਸਾਰ ਹਨ