*ਪਿੱਤਲ ਦੇ ਭਾਂਡਿਆ ਦਾ ਕੰਮ ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਸੂਚੀ ਵਿਚ ਸ਼ਾਮਿਲ

ਅੰਮ੍ਰਿਤਸਰ, 5 ਸਤੰਬਰ 2019 – ਆਪਣੀ ਵਿਰਾਸਤ ਨੂੰ ਸਾਂਭਣ, ਵਿਕਸਤ ਕਰਨ ਅਤੇ ਅੱਗੇ ਤੋਰਨ ਲਈ ਕੀਤੇ ਗਏ ਕੰਮ ਬਦਲੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਪਹਿਲਾ ਸਥਾਨ ਮਿਲਿਆ ਹੈ। ਕੱਲ੍ਹ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਖ਼ੁਦਮਖਤਾਰ ਸੰਸਥਾ ਵੱਲੋਂ ਕਿਸੇ ਵਿਸ਼ੇਸ਼ ਪ੍ਰਾਪਤ ਲਈ ਦਿੱਤਾ ਜਾਣ ਵਾਲਾ ਇਹ ਦੇਸ਼ ਦਾ ਵਕਾਰੀ ਸਨਮਾਨ ਹੈ।

ਐਸ ਡੀ ਐਮ ਸ੍ਰੀ ਵਿਕਾਸ ਹੀਰਾ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਦੇਸ਼ ਭਰ ਵਿਚੋਂ ਆਏ 1500 ਪ੍ਰਤੀਯੋਗੀਆਂ ਨੂੰ ਪਛਾੜ ਕੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਠੇਠੇਰਿਆਂ ਦੀ ਕਲਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਪ੍ਰਫੁੱਲਤ ਹੋਈ ਸੀ, ਹੁਣ ਆਖਰੀ ਸਾਹ ਲੈ ਰਹੀ ਸੀ।

ਇਸ ਕਲਾ ਨੂੰ ਮੁੜ ਪ੍ਰਫੁੱਲਤ ਕਰਨ ਅਤੇ ਇਸ ਵਿਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਨਸ਼ੇ ਨਾਲ ਤਤਕਾਲੀਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਇਸ ਕਲਾ ਨੂੰ ਮੌਜੂਦਾ ਡਿਜਾਇਨ ਨਾਲ ਪ੍ਰਫੁਲਿਤ ਕਰਨ ਅਤੇ ਇੰਨਾਂ ਭਾਂਡਿਆਂ ਲਈ ਮੰਡੀ ਲੱਭਣ ਦਾ ਕਾਰਜ ਸ਼ੁਰੂ ਕੀਤਾ। ਉਨਾਂ ਇਸ ਕੰਮ ਲਈ 11 ਠਠੇਰਿਆਂ ਨੂੰ ਸ਼ਾਮਿਲ ਕਰਕੇ ਪੰਜਾਬ ਠੇਠੇਰਾ ਆਰਟ ਲਿਗੇਸੀ ਨਾਮ ਦੀ ਸੁਸਾਇਟੀ ਰਜਿਸਟਰਡ ਕਰਵਾਈ ਅਤੇ ਪੀ-ਤਲ ਦੇ ਨਾਮ ਹੇਠ ਇਹ ਕੰਮ ਸ਼ੁਰੂ ਕੀਤਾ। ਇੰਨਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਵਿਸ਼ਵ ਪੱਧਰੀ ਬਾਜ਼ਾਰ ਦੇਣ ਲਈ ਇੰਨਾਂ ਦੀ ਵੈਬਸਾਇਟ ਬਨਾਉਣ ਤੋਂ ਇਲਾਵਾ ਵੱਡੀਆਂ ਵਪਾਰਕ ਸਾਇਟਾਂ ਉਤੇ ਪ੍ਰਦਰਸ਼ਤ ਕੀਤਾ ਗਿਆ, ਜਿਸ ਨਾਲ ਇਹ ਕਾਰੋਬਾਰ ਦਾ ਰੂਪ ਧਾਰਨ ਕਰ ਚੁੱਕਾ ਹੈ।

ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਜਿਲ੍ਹਾ ਪ੍ਰ੍ਰਸ਼ਾਸਨ ਵੱਲੋਂ ਕੀਤੀ। ਇਸ ਕੋਸ਼ਿਸ ਦੀ ਸਰਾਹਨਾ ਕਰਦੇ ਕਿਹਾ ਕਿ ਇਹ ਨਾ ਕੇਵਲ ਵਿਰਾਸਤ ਦੀ ਸੰਭਾਲ ਦਾ ਮੁੱਦਾ ਹੈ, ਬਲਕਿ ਇਸ ਨਾਲ ਇਸ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਵੀ ਵਧੇ ਹਨ ਅਤੇ ਜੰਡਿਆਲਾ ਗੁਰੂ ਨੂੰ ਵਿਸ਼ਵ ਵਿਆਪੀ ਪਛਾਣ ਵੀ ਮਿਲੀ ਹੈ।।