* ਮੋਦੀ ਸਰਕਾਰ ਦੇ ਢੀਠਪੁਣੇ ਨਾਲ ਕਿਸਾਨ ਵੀ ਦੁਖੀ ਤੇ ਲੋਕ ਵੀ
ਫਗਵਾੜਾ (ਡਾ ਰਮਨ ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਦੀ ਸਰਕਾਰ ਦੇ ਕਿਸਾਨੀ ਨਾਲ ਸਬੰਧਤ ਬਿਲਾਂ ਦਾ ਵਿਰੋਧ ਕਰ ਰਹੇ ਕਿਸਾਨਾ ਦੇ ਰੋਹ ਨੂੰ ਦੇਖਦੇ ਹੋਏ ਸੋਮਵਾਰ 19 ਅਕਤੂਬਰ ਨੂੰ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਅਤੇ ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾ ਦੇ ਹਿਤਾਂ ਨੂੰ ਲੈ ਕੇ ਪੂਰੀ ਤਰ•ਾਂ ਗੰਭੀਰ ਹਨ। ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਦਾ ਕਿਸਾਨ ਭੁੱਖਾ ਪਿਆਸਾ ਸੜਕਾਂ ਅਤੇ ਰੇਲ ਲਾਈਨਾ ਉਪਰ ਧਰਨੇ ਲਗਾ ਕੇ ਬੈਠਾ ਹੈ ਜਿਸ ਨਾਲ ਕਿਸਾਨ ਵੀ ਪਰੇਸ਼ਾਨ ਹਨ ਅਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਰੇਲਗੱਡੀਆਂ ਬੰਦ ਹੋਣ ਨਾਲ ਮਾਲ ਦੀ ਸਪਲਾਈ ਠੱਪ ਹੋ ਗਈ ਹੈ ਜਿਸ ਨਾਲ ਸਰਕਾਰੀ ਖਜਾਨੇ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਪਰ ਬਾਵਜੂਦ ਇਸ ਦੇ ਮੋਦੀ ਸਰਕਾਰ ਆਪਣੇ ਨਾਦਰਸ਼ਾਹੀ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਧੱਕਾ ਹੋਇਆ ਹੈ ਬੇਸ਼ਕ ਉਹ ਪਾਣੀਆਂ ਦਾ ਮਸਲਾ ਹੋਵੇ ਜਾਂ ਕਿਸਾਨੀ ਨੂੰ ਬਚਾਉਣ ਦੀ ਗੱਲ ਹੋਵੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਵਿਧਾਨਸਭਾ ਵਿਚ ਸਖਤ ਸਟੈਂਡ ਲਿਆ ਹੈ ਇਸ ਲਈ ਸੋਮਵਾਰ ਦੇ ਵਿਸ਼ੇਸ਼ ਸੈਸ਼ਨ ਵਿਚ ਕੈਪਟਨ ਸਰਕਾਰ ਜੋ ਵੀ ਫੈਸਲਾ ਕਰੇਗੀ ਉਹ ਪੰਜਾਬ ਦੇ ਕਿਸਾਨ, ਕਿਸਾਨੀ ਅਤੇ ਸੂਬੇ ਦੇ ਹਿਤ ਦਾ ਫੈਸਲਾ ਹੋਵੇਗਾ।