——————-
ਲੁਧਿਆਣਾ, 12 ਸਤੰਬਰ 20
(ਹੇਮਰਾਜ, ਨਰੇਸ਼ ਕੁਮਾਰ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗੁਵਾਈ ਵਿੱਚ ਹਲਕਾ ਸੈਂਟਰਲ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਬਰ ਵੱਲੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਤਹਿਤ 17 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਸ਼ਿੰਗਾਰ ਸਿਨੇਮਾ ਤੋਂ ਟ੍ਰਾਂਸਪੋਰਟ ਨਗਰ ਤੱਕ ਗੰਦੇ ਨਾਲੇ ਨੂੰ ਢੱਕਣ ਦਾ ਕੰਮ ਕੀਤਾ ਜਾਵੇਗਾ। ਸ੍ਰੀ ਡਾਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿੰਆਂ ਦੱਸਿਆ ਕਿ ਉਨ੍ਹਾ 2017 ਦੀਆਂ ਚੋਣਾਂ ਦੌਰਾਨ ਹਲਕੇ ਦੇ ਵਸਨੀਕਾਂ ਨਾਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਦਖਲ ਨਾਲ ਬੂਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਜੋ ਪੂਰਾ ਹੋਇਆ ਹੈ ਖਾਸ ਤੌਰ ‘ਤੇ ਹਲਕਾ ਸੈਂਟਰਲ ਅਧੀਨ ਸ਼ਿਵਾਜੀ ਨਗਰ ਦੇ ਵਸਨੀਕਾਂ ਲਈ ਇੱਕੇ ਤੋਹਫੇ ਵਜੋ ਇਸ ਪ੍ਰੋਜੈਕਟ ਦੀ ਸੁਰੂਆਤ ਹੋਣ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸ਼ਹਿਰ ਦੀ ਸੰਘਣੀ ਆਬਾਦੀ ਵਿੱਚੋਂ ਲੰਘਦੇ ਇਸ 1 ਕਿਲੋਮੀਟਰ ਦੇ ਕਰੀਬ ਨਾਲੇ ਕਾਰਨ ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਸਨ। ਬਰਸਾਤੀ ਮੌਸਮ ਵਿੱਚ ਇਹ ਨਾਲਾ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ। ਇਸ ਖੁੱਲੇ ਨਾਲੇ ਕਾਰਨ ਚਮੜੀ ਦੇ ਰੋਗ, ਡੇਂਗੂ, ਮਲੇਰੀਆ ਅਤੇ ਚਿਕਨਗੁਣੀਆਂ ਆਦਿ ਬਿਮਾਰੀਆਂ ਫੈਲਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰੀ ਇਲਾਕੇ ਤੋਂ ਟ੍ਰਾਂਸਪੋਰਟ ਨਗਰ ਲਈ ਹੋਜ਼ਰੀ ਦਾ ਮਾਲ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਲਈ ਸਪਲਾਈ ਕੀਤਾ ਜਾਂਦਾ ਹੈ, ਗੰਦੇ ਨਾਲੇ ਦੇ ਫੈਲਾਅ ਕਾਰਨ ਇਸਦੇ ਦੋਨੋਂ ਪਾਸੇ ਲੱਗਦੀ ਸੜ੍ਹਕ ਕਾਫੀ ਤੰਗ ਹੈ ਅਤੇ ਅਕਸਰ ਇਸ ਸੜ੍ਹਕ ‘ਤੇ ਲੰਬਾ ਟ੍ਰੈਫਿਕ ਜ਼ਾਮ ਲੱਗਿਆ ਰਹਿੰਦਾ ਹੈ। ਇਸ ਪ੍ਰੋਜੈਕਟ ਦੇ ਮੁੰਕਮਲ ਹੋਣ ਨਾਲ ਜਿੱਥੇ ਬਿਮਾਰੀਆਂ ਤੋਂ ਬਚਾਅ ਹੋਵੇਗਾ ਨਾਲ ਹੀ ਟ੍ਰੈਫਿਕ ਜਾਮ ਤੋਂ ਵੀ ਛੁਟਕਾਰੀ ਮਿਲੇਗਾ। ਜ਼ਿਕਰਯੋਗ ਹੈ ਕਿ 2005 ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਇੱਕ ਪ੍ਰੋਜੈਕਟ ਦੀ ਸੁਰੂਆਤ ਕੀਤੀ ਗਈ ਸੀ ਜਿਸ ‘ਤੇ ਤਕਰੀਬਨ 26 ਕਰੋੜ ਰੁਪਏ ਦੀ ਲਾਗਤ ਆਈ ਸੀ। ਇਸ ਪ੍ਰੋਜੈਕਟ ਤਹਿਤ ਇਸਲਾਮ ਗੰਜ, ਈਸਾ ਨਗਰ ਦੀ ਪੂਲੀ ਤੋਂ ਸ਼ਗੁਨ ਪੈਲਸ ਤੱਕ ਸਾਰਾ ਗੰਦਾ ਨਾਲ ਢੱਕਿਆ ਗਿਆ ਸੀ। ਵਿਧਾਇਕ ਸ੍ਰੀ ਡਾਬਰ ਨੇ ਅੱਗੇ ਕਿਹਾ ਕਿ ਇਸ ਨਵੇਂ ਪ੍ਰੋਜੈਕਟ ਨੂੰ ਵੀ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇੱਥੋਂ ਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਅਸ਼ਵਨੀ ਸ਼ਰਮਾ ਹਾਜ਼ਰ ਸਨ।