ਫਗਵਾੜਾ (ਡਾ ਰਮਨ/ਅਜੇ ਕੋਛੜ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਨੇ ਅੱਜ ਸਬਜੀ ਮੰਡੀ ਦੇ ਆੜਤੀਆਂ ਅਤੇ ਕਰਿਆਨਾ ਵਪਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਜਿਨ੍ਹਾਂ ਵਿਚ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਏ.ਡੀ.ਸੀ. ਗੁਰਮੀਤ ਸਿੰਘ ਮੁਲਤਾਨੀ, ਐਸ.ਪੀ. ਮਨਵਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਚਾਂਦ ਸ਼ਾਮਲ ਸਨ। ਵਿਧਾਇਕ ਧਾਲੀਵਾਲ ਨੇ ਸਮੂਹ ਆੜਤੀਆਂ ਅਤੇ ਕਰਿਆਨਾ ਵਪਾਰੀਆਂ ਨੂੰ ਦੱਸਿਆ ਕਿ ਸਬਜੀ ਮੰਡੀ ਵਿਚ ਰੋਜਾਨਾ ਸਵੇਰੇ 5 ਤੋਂ 8 ਵਜੇ ਤੱਕ ਸੀਮਿਤ ਤੌਰ ਤੇ ਕਾਰੋਬਾਰ ਹੋਵੇਗਾ। ਇਸ ਦੌਰਾਨ ਪਿੰਡਾਂ ਤੋਂ ਜਿਮੀਂਦਾਰ ਆਪਣੀਆਂ ਸਬਜੀਆਂ ਲਿਆ ਕੇ ਵੇਚਣਗੇ। ਰਿਟੇਲ ਦਾ ਕਾਰੋਬਾਰ ਬਿਲਕੁਲ ਨਹੀਂ ਹੋਵੇਗਾ। ਜੋ ਸਬਜੀਆਂ ਮੰਡੀ ਵਿਚ ਆਉਣਗੀਆਂ ਉਹ ਸਿਰਫ ਹੋਲ ਸੇਲ ਅਤੇ ਰੇਹੜੀਆਂ ਵਾਲਿਆਂ ਨੂੰ ਵੇਚਿਆਂ ਜਾ ਸਕਣਗੀਆਂ। ਦੁਪਿਹਰ 2 ਤੋਂ ਸ਼ਾਮ 6 ਵਜੇ ਤੱਕ ਰੇਹੜੀ ਵਾਲੇ ਸ਼ਹਿਰ ਅਤੇ ਪਿੰਡਾਂ ਦੀ ਹਰ ਗਲੀ ਹਰ ਮੁਹੱਲੇ ਵਿਚ ਜਾ ਕੇ ਸਬਜੀਆਂ ਵੇਚਣਗੇ। ਇਸ ਦੌਰਾਨ ਕਰਿਆਨੇ ਦੀਆਂ ਦੁਕਾਨਾਂ ਵੀ ਖੁੱਲ•ਣਗੀਆਂ। ਉਨ੍ਹਾਂ ਆਮ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਬਜੀ ਖਰੀਦਣ ਲਈ ਸਵੇਰ ਨੂੰ ਮੰਡੀ ਨਾ ਆਉਣ ਤਾਂ ਜੋ ਪ੍ਰਸ਼ਾਸਨ ਦੀ ਸਖਤੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆੜਤੀ, ਦੁਕਾਨਦਾਰ ਜਾਂ ਰੇਹੜੀ ਵਾਲਾ ਵਾਧੂ ਕੀਮਤ ਵਸੂਲ ਕਰੇਗਾ ਤਾਂ ਪੁਲਿਸ ਵਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤਾਂ ਤੋਂ ਨਿਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਆਮ ਲੋਕਾਂ ਦੀ ਹਰ ਜਰੂਰਤ ਦੀ ਚੀਜ਼ ਘਰਾਂ ਤੱਕ ਪਹੁੰਚਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਲੋਕ ਸੰਜਮ ਨਾਲ ਕੰਮ ਲੈਣ ਅਤੇ ਘਰਾਂ ਵਿਚ ਬੰਦ ਰਹਿ ਕੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਸਬ-ਡਵੀਜਨ ਦੇ ਹਰ ਨਾਗਰਿਕ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਆੜਤੀ ਐਸੋਸੀਏਸ਼੍ਰਨ ਦੇ ਪ੍ਰਧਾਨ ਹਰਜੀਤ ਸਿੰਘ ਕਿੰਨੜਾ, ਗੁਰਦੀਪ ਡਾਬਰ, ਕਰਿਆਨਾ ਮਰਚੈਂਟ ਐਸੋਸੀਏਸ਼ਨ ਤੋਂ ਰਾਮ ਕੁਮਾਰ ਚੱਢਾ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਹਾਜਰ ਸਨ।