ਫਗਵਾੜਾ (ਡਾ ਰਮਨ /ਅਜੇ ਕੋਛੜ)

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਦੇ ਕਈ ਵਾਰਡ ਕੌਂਸਲਰਾਂ ਨਾਲ ਮੋਬਾਇਲ ਫੋਨ ਤੇ ਰਾਬਤਾ ਕੀਤਾ ਅਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਕਰਫਿਊ ਦੌਰਾਨ ਸਰਕਾਰੀ ਨਿਯਮਾਂ ਦੀ ਪਾਲਣਾ ਨੂੰ ਵਾਰਡ ਪੱਧਰ ਤੇ ਯਕੀਨੀ ਬਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਨੂੰ ਵੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਅਗਲੇ ਦੋ ਹਫਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਮਹੱਤਵ ਰੱਖਦੇ ਹਨ। ਇਸ ਲਈ ਪਿੰਡਾਂ ‘ਚ ਲੋਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਕਾਰਨ ਘਰਾਂ ‘ਚ ਰਹਿਣ ਨੂੰ ਮਜਬੂਰ ਲੋਕਾਂ ਲਈ ਸਰਕਾਰ ਵਲੋਂ ਜੋ ਰਾਹਤ ਸਮੱਗਰੀ ਐਲਾਨੀ ਗਈ ਹੈ ਉਹ ਅਗਲੇ ਕੁੱਝ ਦਿਨਾਂ ਦੇ ਦਰਮਿਆਨ ਹਰ ਲੋੜਵੰਦ ਤਕ ਪਹੁੰਚਾਈ ਜਾਵੇਗੀ। ਸਰਕਾਰੀ ਰਾਹਤ ਹਰ ਲੋੜਵੰਦ ਪਰਿਵਾਰ ਤੱਕ ਪਹੁੰਚਾਉਣਾ ਪੂਰੀ ਪਾਰਦਰਸ਼ਿਤਾ ਨਾਲ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਹਰ ਗਲੀ-ਮੁਹੱਲੇ ਦੇ ਮੋਹਤਬਰ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਂਢ-ਗੁਆਂਢ ਵਿਚ ਰਹਿਣ ਵਾਲੇ ਗਰੀਬਾਂ ਤੇ ਲੋੜਵੰਦਾਂ ਦੀ ਸੰਭਵ ਸਹਾਇਤਾ ਕਰਨ। ਇਸ ਔਖੀ ਘੜੀ ਵਿਚ ਇਕ ਦੂਸਰੇ ਦਾ ਸਹਾਰਾ ਬਣਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਸਬ-ਡਵੀਜਨ ਵਿਚ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਲੰਗਰਾਂ ਦਾ ਪ੍ਰਬੰਧ ਕਰਕੇ ਘਰੋਂ-ਘਰੀਂ ਪਹੁੰਚਾ ਰਹੀਆਂ ਹਨ ਜੋ ਖਾਸ ਤੌਰ ਤੇ ਸ਼੍ਰਲਾਘਾਯੋਗ ਹੈ। ਉਹ ਖੁੱਦ ਵੀ ਨਜ਼ਰ ਰੱਖ ਰਹੇ ਹਨ ਕਿ ਹਲਕੇ ਵਿਚ ਕਰਫਿਊ ਅਤੇ ਲਾਕ ਡਾਉਨ ਦੀ ਵਜ੍ਹਾ ਨਾਲ ਕਿਸੇ ਪਰਿਵਾਰ ਜਾਂ ਵਿਅਕਤੀ ਨੂੰ ਭੁੱਖੇ ਢਿੱਡ ਨਾ ਸੌਣਾ ਪਵੇ ਅਤੇ ਕੋਈ ਵੀ ਲੋੜਵੰਦ ਆਰਥਕ ਤੰਗੀ ਕਾਰਨ ਰਾਸ਼ਨ ਜਾਂ ਦਵਾਈ ਵਰਗੀਆਂ ਮੁਢਲੀਆਂ ਜਰੂਰਤਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਹਾਜਰ ਸਨ।