* ਕੋਰੋਨਾ ਨਾਲ ਲੜਾਈ ‘ਚ ਡਾਕਟਰਾਂ ਦੇ ਹੌਸਲੇ ਨੂੰ ਕੀਤਾ ਸਲਾਮ

ਫਗਵਾੜਾ (ਡਾ ਰਮਨ) ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੀ ਜਾਂਚ ਕਰਦੇ ਸਮੇਂ ਸਿਵਿਲ ਹਸਪਤਾਲ ਫਗਵਾੜਾ ਦੇ ਮੈਡੀਕਲ ਸਟਾਫ ਨੂੰ ਪੂਰਣ ਸਿਹਤ ਸੁਰੱਖਿਆ ਪ੍ਰਧਾਨ ਕਰਨ ਦੇ ਮਕਸਦ ਨਾਲ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਵਲੋਂ 50 ਸੇਫਟੀ ਕਿੱਟਾਂ ਦੀ ਖਰੀਦ ਕਰਕੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੂੰ ਭੇਂਟ ਕੀਤੀਆਂ। ਇਸ ਦੌਰਾਨ ਉਹਨਾਂ ਕੋਵਿਡ-19 ਕੋਰੋਨਾ ਵਾਇਰਸ ਸੰਕਟ ਵਿਚ ਡਾਕਟਰਾਂ, ਨਰਸਾਂ ਸਮੇਤ ਸਮੂਹ ਮੈਡੀਕਲ ਸਟਾਫ ਦੀਆਂ ਸੇਵਾਵਾਂ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਇਸ ਸਮੇਂ ਮੈਡੀਕਲ ਅਮਲਾ ਉਸੇ ਤਰ੍ਹਾਂ ਮੈਦਾਨ ਵਿਚ ਡਟਿਆ ਹੋਇਆ ਹੈ ਜਿਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਸਰਹੱਦਾਂ ਦੀ ਰੱਖਿਆ ਲਈ ਫੌਜ ਦੇ ਜਵਾਨ ਹੌਸਲੇ ਨਾਲ ਲੜਦੇ ਹਨ। ਉਹਨਾਂ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਕੋਰੋਨਾ ਵਾਇਰਸ ਦੇ ਖਾਤਮੇ ਦੀ ਲੜਾਈ ਲੜ ਰਹੇ ਡਾਕਟਰਾਂ ਨਰਸਾਂ ਦੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਉਹ ਖੁੱਦ ਅਤੇ ਪੰਜਾਬ ਦੀ ਕੈਪਟਨ ਸਰਕਾਰ ਡਾਕਟਰੀ ਅਮਲੇ ਨੂੰ ਕਿਸੇ ਲੋੜੀਂਦੇ ਉਪਕਰਨ ਦੀ ਘਾਟ ਨਹੀਂ ਹੋਣ ਦੇਵੇਗੀ। ਜਿਸ ਵੀ ਉਪਕਰਣ ਦੀ ਜਰੂਰਤ ਹੋਵੇ ਪ੍ਰਸ਼ਾਸਨ ਰਾਹੀਂ ਜਾਂ ਸਿੱਧੇ ਸੰਪਰਕ ਕਰਕੇ ਉਹਨਾਂ ਦੇ ਨੋਟਿਸ ਵਿਚ ਲਿਆਂਦਾ ਜਾਵੇ ਤਾਂ ਤਰੁੰਤ ਉਸਦੀ ਪੂਰਤੀ ਕਰਵਾਈ ਜਾਵੇਗੀ। ਡਾ. ਕਮਲ ਕਿਸ਼ੋਰ ਅਤੇ ਸਮੂਹ ਮੈਡੀਕਲ ਸਟਾਫ ਨੇ ਵਿਧਾਇਕ ਧਾਲੀਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਏ ਡੀ ਸੀ ਫਗਵਾੜਾ ਸ੍ਰੀ ਰਾਜੀਵ ਵਰਮਾ, ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨਰੇਸ ਭਾਰਦਵਾਜ, ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁਲਾਰਾਈ ਅਤੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਪਦਮ ਦੇਵ ਸੁਧੀਰ ਨਿੱਕਾ, ਦਰਸ਼ਨ ਲਾਲ ਧਰਮਸੋਤ, ਜਤਿੰਦਰ ਵਰਮਾਨੀ ਤੋਂ ਇਲਾਵਾ ਅਵਿਨਾਸ਼ ਗੁਪਤਾ ਬਾਸ਼ੀ, ਰਾਮ ਸਾਂਪਲਾ, ਹਨੀ ਧਾਲੀਵਾਲ, ਅਭੀ ਸਹਦੇਵ ਆਦਿ ਵੀ ਹਾਜਰ ਸਨ।