* ਧਾਲੀਵਾਲ ਨੂੰ ਅਸਤੀਫੇ ਲਈ ਕਰਾਂਗੇ ਮਜਬੂਰ – ਠੇਕੇਦਾਰ ਬਲਜਿੰਦਰ

ਫਗਵਾੜਾ (ਡਾ ਰਮਨ)

ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੋਹਨ ਸਿੰਘ ਠੰਡਲ ਅਤੇ ਦੋਆਬਾ ਜੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਨ ਨੇ ਦੱਸਿਆ ਕਿ 9 ਨਵੰਬਰ ਨੂੰ ਫਗਵਾੜਾ ‘ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਖਿਲਾਫ ਬਹੁਤ ਵੱਡਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਉਹ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘਪਲਾ ਕੀਤਾ ਹੈ ਅਤੇ ਜਦੋਂ ਇਹ ਘਪਲਾ ਹੋਇਆ ਸੀ ਉਸ ਸਮੇਂ ਫਗਵਾੜਾ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਭਾਗ ‘ਚ ਉੱਚੇ ਅਹੁਦੇ ਤੇ ਵਿਰਾਜਮਾਨ ਸਨ ਜਿਹਨਾਂ ਦੀ ਸ਼ਮੂਲੀਅਤ ਦੀ ਭਿਣਕ ਵੀ ਮਿਲੀ ਹੈ ਕਿਉਂਕਿ ਜਦੋਂ ਇਸ ਘਪਲੇ ਦੀ ਰਿਪੋਰਟ ਤਿਆਰ ਹੋਈ ਤਾਂ ਉਸ ਵਿਚ ਮੰਤਰੀ ਅਤੇ ਮੌਜੂਦਾ ਵਿਧਾਇਕ ਦਾ ਨਾਮ ਸ਼ਾਮਲ ਹੋਣ ਦੇ ਸਬੂਤ ਮਿਲੇ ਪਰ ਬਾਅਦ ਵਿਚ ਕੈਪਟਨ ਸਰਕਾਰ ਨੇ ਰਿਪੋਰਟ ਨੂੰ ਛਿੱਕੇ ਤੇ ਟੰਗ ਕੇ ਧਰਮਸੋਤ ਅਤੇ ਧਾਲੀਵਾਲ ਨੂੰ ਕਲੀਨ ਚਿੱਟ ਦੇ ਦਿੱਤੀ। ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਨਾਲ ਹੋਏ ਇਸ ਧੱਕੇ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਸੀਨੀਅਰ ਆਗੂਆਂ ਨੂੰ ਭਰੋਸਾ ਦਿੱਤਾ ਕਿ ਫਗਵਾੜਾ ਦੇ ਧਰਨੇ ਨੂੰ ਹਰ ਹਾਲ ਵਿਚ ਸਫਲ ਬਣਾਇਆ ਜਾਵੇਗਾ ਅਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਧਾਲੀਵਾਲ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਦਿੱਤਾ ਜਾਵੇਗਾ। ਇਸ ਮੌਕੇ ਅਰਵਿੰਦਰ ਸਿੰਘ ਸਮਰਾ ਵੀ ਹਾਜਰ ਸਨ।