ਬਾਹਰਲੇ ਮੁਲਕਾਂ ‘ਚ ਰਹਿੰਦੇ ਲੋਕਾਂ ਦੁਆਰਾ ਪੈਸੇ ਭੇਜੇ ਜਾਣ ‘ਚ ਭਾਰਤ ਦੁਨੀਆ ‘ਚੋਂ ਨੰਬਰ ਇੱਕ ‘ਤੇ ਆ ਗਿਆ ਹੈ। ਸਾਲ 2018 ਵਿਚ 78.6 ਬਿਲੀਅਨ ਡਾਲਰ (1 ਬਿਲੀਅਨ ਤਕਰੀਬਨ 7 ਹਜ਼ਾਰ ਕਰੋੜ ਦੇ ਬਰਾਬਰ ਹੁੰਦਾ ਹੈ) ਭਾਰਤ ‘ਚ ਭੇਜੇ ਜਾ ਚੁੱਕੇ ਹਨ। ਬੁੱਧਵਾਰ ਨੂੰ ਆਈ.ਓ.ਐਮ ( ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ) ਦੁਆਰਾ ਜਾਰੀ ਕੀਤੀ ਰਿਪੋਰਟ 2020 ਅਨੁਸਾਰ ਇਹ ਅੰਕੜਾ 689 ਬਿਲੀਅਨ ਡਾਲਰ ਦੀ ਵਿਸ਼ਵਵਿਆਪੀ ਦੌਲਤ ਦਾ 14% ਬਣਦਾ ਹੈ।

ਸਾਲ 2010 ਅਤੇ 2015 ਵਿਚ ਕ੍ਰਮਵਾਰ 53.48 ਬਿਲੀਅਨ ਡਾਲਰ ਅਤੇ 68.91 ਬਿਲੀਅਨ ਡਾਲਰ ਦੀ ਰਕਮ ਨਾਲ ਭਾਰਤ ਚੋਟੀ ‘ਤੇ ਸੀ।

ਕਈ ਸਾਲਾਂ ਤੋਂ ਅਮਰੀਕਾ 68 ਬਿਲੀਅਨ ਡਾਲਰ ਦੇ ਨਾਲ ਟੌਪ ਨੰਬਰ ‘ਤੇ ਹੋਰਨਾਂ ਮੁਲਕਾਂ ਨੂੰ ਪੈਸੇ ਭੇਜਣ ਵਾਲਾ ਦੇਸ਼ ਬਣਿਆ ਰਿਹਾ, ਜਦਕਿ ਉਸ ਤੋਂ ਬਾਅਦ ਯੂ.ਏ.ਈ ਅਤੇ ਸਾਉਦੀ ਅਰਬ ਆਉਂਦੇ ਸਨ।

ਰਿਕਾਰਡ ਤੋਂ ਬਾਹਰੀ ਗੱਲ ਕੀਤੀ ਜਾਏ ਤਾਂ 17.5 ਮਿਲੀਅਨ (1.75 ਕਰੋੜ) ਭਾਰਤੀ ਬਾਹਰਲੇ ਮੁਲਕਾਂ ‘ਚ ਵੱਸੇ ਹੋਏ ਹਨ। ਜਿੰਨ੍ਹਾਂ ‘ਚ ਜ਼ਿਆਦਾਤਰ ਯੂ.ਏ.ਈ (3.4 ਮਿਲੀਅਨ) , ਅਮਰੀਕਾ ‘ਚ (2.7 ਮਿਲੀਅਨ) ਅਤੇ ਸਾਉਦੀ ਅਰਬ ‘ਚ 2.4 ਮਿਲੀਅਨ ਲੋਕ ਵੱਸੇ ਹੋਏ ਹਨ।