ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ, ਦੇ ਨਜ਼ਦੀਕ ਪਿੰਡ ਧਰਮੀਵਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਨੇ ਖੇਤਾਂ ਵਿੱਚ ਦਰੱਖਤ ਨਾਲ ਫਾਹਾ ਲਗਾਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (29) ਪੁੱਤਰ ਜਸਵਿੰਦਰ ਸਿੰਘ ਵਾਸੀ ਧਰਮੀਵਾਲ (ਸ਼ਾਹਕੋਟ), ਜੋਕਿ ਮਿਹਨਤ-ਮਜ਼ਦੂਰੀ ਕਰਦਾ ਸੀ ਅਤੇ ਉਸ ਦਾ ਕਰੀਬ ਡੇਢ ਸਾਲ ਪਹਿਲਾ ਵਿਆਹ ਹੋਇਆ ਸੀ। ਗੁਰਪ੍ਰੀਤ ਸਿੰਘ ਦੀ ਆਰਥਿਕ ਹਾਲਤ ਖਰਾਬ ਸੀ। ਬੀਤੇ ਕੁੱਝ ਦਿਨਾਂ ਤੋਂ ਉਹ ਕੰਮ ਦੀ ਤਲਾਸ਼ ਵਿੱਚ ਭਟਕ ਰਿਹਾ ਸੀ, ਪਰ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਬੀਤੀ ਮੰਗਲਵਾਰ ਸ਼ਾਮ ਜਦ ਉਹ ਕੰਮ ਦੀ ਭਾਲ ਕਰਦਾ ਘਰ ਵਾਪਸ ਆਇਆ ਤਾਂ ਕੁੱਝ ਸਮੇਂ ਬਾਅਦ ਉਹ ਘਰੋਂ ਚਲਾ ਗਿਆ ਅਤੇ ਦੇਰ ਰਾਤ ਤੱਕ ਵੀ ਵਾਪਸ ਨਾ ਆਇਆ। ਅਖੀਰ ਜਦ ਸਵੇਰੇ ਵੀ ਉਹ ਘਰ ਨਾ ਆਇਆ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਘਰ ਤੋਂ ਕੁੱਝ ਦੂਰ ਇੱਕ ਖੇਤ ਵਿੱਚ ਉਸ ਦੀ ਲਾਸ਼ ਡੇਕ ਦੇ ਦਰੱਖਤ ਨਾਲ ਲਟਕ ਰਹੀ ਸੀ। ਇਸ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸਬ ਇੰਸਪੈਕਟਰ ਕਸ਼ਮੀਰ ਸਿੰਘ, ਚੌਂਕੀ ਤਲਵੰਡੀ ਸੰਘੇੜਾ ਦੇ ਏ.ਐਸ.ਆਈ. ਦਲਜੀਤ ਸਿੰਘ, ਏ.ਐਸ.ਆਈ. ਸਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਮ੍ਰਿਤਕ ਵਿਅਕਤੀ ਦੀ ਪਤਨੀ ਰਿੰਪੀ ਦੇ ਬਿਆਨਾ ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ। ਐਸ.ਐਚ.ਓ. ਕਸ਼ਮੀਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪਾਸੋਂ ਕਿਸੇ ਵੀ ਤਰਾਂ ਦਾ ਸੁਸਾਇਡ ਨੋਟ ਬ੍ਰਾਮਦ ਨਹੀਂ ਹੋਇਆ ਅਤੇ ਉਸ ਨੇ ਆਪਣੀ ਜੀਵਨ ਲੀਲ੍ਹਾ ਕਿਓ ਸਮਾਪਤ ਕੀਤੀ, ਇਸ ਬਾਰੇ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਨਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ।