* ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ ਸ਼ਲਾਘਾ
ਫਗਵਾੜਾ (ਡਾ ਰਮਨ /ਅਜੇ ਕੋਛੜ) ਕੋਰੋਨਾ ਵਾਇਰਸ ਦੀ ਆਫਤ ਕਾਰਨ ਪਿਛਲੇ ਦੱਸ ਦਿਨਾਂ ਤੋਂ ਕਰਫਿਊ ਦੇ ਚਲਦੇ ਘਰਾਂ ‘ਚ ਬੇਰੁਜਗਾਰ ਹੋਏ ਬੈਠੇ ਗਰੀਬ, ਲੋੜਵੰਦ, ਦਿਹਾੜੀਦਾਰ ਪਰਿਵਾਰਾਂ ਲਈ ਸ਼ਹਿਰ ਦੇ ਵਾਰਡ ਨੰਬਰ 15 ਵਿਖੇ ਰੋਟਰੀ ਕਲੱਬ ਸਾਊਥ ਈਸਟ ਵਲੋਂ ਸਮਾਜ ਸੇਵਕ ਸ਼ਖਸੀਅਤਾਂ ਦੇ ਸਹਿਯੋਗ ਨਾਲ ਭੋਜਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਤਿਆਰ ਹੋਏ ਲੰਗਰ ਨੂੰ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕਰਵਾਈ। ਉਹਨਾਂ ਦੇ ਨਾਲ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਹਰਬੰਸ ਲਾਲ ਵੀ ਉਚੇਰੇ ਤੌਰ ਤੇ ਮੋਜੂਦ ਸਨ। ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਰਿੰਦਰ ਸਿੰਘ ਕਲੇਰਾ ਅਤੇ ਪ੍ਰਿੰਸੀਪਲ ਪ੍ਰੇਮ ਪਾਲ ਪੱਬੀ (ਸੇਵਾਮੁਕਤ) ਨੇ ਦੱਸਿਆ ਕਿ ਇਹ ਸੇਵਾ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਜਾਰੀ ਹੈ। ਜਿਸਦੇ ਤਹਿਤ ਗੁਰਦੁਆਰਾ ਸਾਹਿਬ ਖੇੜਾ ਮਸਜਿਦ ਵਿਖੇ 500 ਬੰਦਿਆਂ ਦਾ ਖਾਣਾ ਤਿਆਰ ਕਰਵਾ ਕੇ ਵੱਖ-ਵੱਖ ਪੈਕਿੰਗ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਲੋੜਵੰਦਾਂ ਲਈ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਇਆ ਜਾਂਦਾ ਹੈ। ਇਸ ਸੇਵਾ ਨੂੰ ਕਾਲਾ ਗੋਇਲ, ਟੋਨੀ ਕਲੇਰਾ, ਰਿੱਕੀ, ਮਨੀ ਵਾਲੀਆ ਆਦਿ ਤੇ ਅਧਾਰਤ ਟੀਮ ਘਰ-ਘਰ ਪਹੁੰਚਾਉਂਦੀ ਹੈ। ਵਿਧਾਇਕ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਜੋ ਵੀ ਸੇਵਾ ਲੋੜਵੰਦਾਂ ਤੱਕ ਪਹੁੰਚਾਉਣੀ ਹੈ ਉਹ ਪ੍ਰਸ਼ਾਸਨ ਦੀ ਮੱਦਦ ਨਾਲ ਜਰੂਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਪਹੁੰਚਾਈ ਜਾਵੇ।