ਲੁਧਿਆਣਾ, 28 ਅਗਸਤ.
(ਹੇਮਰਾਜ, ਨਰੇਸ਼ ਕੁਮਾਰ )
ਮਹਾਮਾਰੀ ਬਣ ਕੇ ਫੈਲੇ ਕੋਰੋਨਾ ਵਾਇਰਸ ਨੇ ਹੁਣ ਪਿੰਡਾਂ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕਈ ਦਿਹਾਤੀ ਖੇਤਰਾਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਗਿਣਤੀ ਵਿਚ ਤੇਜ਼ੀ ਨਾਲ ਵਧਾ ਹੋਇਆ ਹੈ। ਜ਼ਿਲੇ ਵਿਚ ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ਵਿਚੋਂ 12.31 ਫ਼ੀਸਦੀ ਮਰੀਜ਼ ਦਿਹਾਤੀ ਅਤੇ ਸਬ-ਡਿਵੀਜ਼ਨ ਖੇਤਰਾਂ ਦੇ ਹਨ ਜਦਕਿ ਇਸ ਵਾਇਰਸ ਕਾਰਨ ਮਰਨੇ ਵਾਲੇ ਮਰੀਜ਼ਾਂ ਵਿਚੋਂ 12.86 ਫ਼ੀਸਦੀ ਦਿਹਾਤੀ ਖੇਤਰਾਂ ਦੇ ਰਹਿਣ ਵਾਲੇ ਹਨ ।
ਅੱਜ ਜ਼ਿਲੇ ਵਿਚ 258 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਇਨ੍ਹਾਂ ਵਿਚੋਂ 9 ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਅਨੁਸਾਰ 9 ਵਿਚੋਂ 5 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂਕਿ 4 ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਪਾਜ਼ੇਟਿਵ ਮਰੀਜ਼ਾਂ ਵਿਚੋਂ 208 ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 40 ਦੂਜੇ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਸਨ। ਹੁਣ ਤੱਕ ਮਹਾਨਗਰ ਵਿਚ 9427 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ 351 ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦੂੱਜੇ ਜ਼ਿਲਿਆਂ ਅਤੇ ਹੋਰ ਸੂਬੇ ਵਿਚੋਂ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਮਰੀਜ਼ਾਂ ਵਿਚੋਂ 972 ਪਾਜ਼ੇਟਿਵ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 80 ਦੀ ਮੌਤ ਹੋ ਚੁੱਕੀ ਹੈ।