ਫਗਵਾੜਾ (ਡਾ ਰਮਨ /ਅਜੇ ਕੋਛੜ ) ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਅੱਜ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਲਾਕ ਡਾਊਨ ਦੀ ਵਜ੍ਹਾ ਨਾਲ ਲੋਕ ਕੰਮਕਾਰ ਕਰਨ ਤੋਂ ਵਾਂਝੇ ਹਨ ਓਨੇ ਦਿਨ ਦਾ ਬਿਜਲੀ ਦੇ ਬਿੱਲ ਦੀ ਵਸੂਲੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਤੱਕ ਤਾਂ ਲੋਕ ਘਰਾਂ ਵਿੱਚ ਕੈਦ ਹਨ। ਸੰਭਵ ਹੈ ਕਿ ਇਹ ਲੋਕ ਡਾਊਨ ਹਾਲਾਤ ਕਾਬੂ ਆਉਣ ਤੱਕ ਅੱਗੇ ਵੀ ਜਾਰੀ ਰਹੇ ਅਤੇ ਜਦੋਂ ਰੁਜਗਾਰ ਨੂੰ ਦੁਬਾਰਾ ਸ਼ੁਰੂ ਕਰਨਗੇ ਤਾਂ ਮੰਦੀ ਦੀ ਮਾਰ ਝੱਲਣ ਲਈ ਮਜਬੂਰ ਹੋਣਗੇ ਅਜਿਹੇ ਹਾਲਾਤ ‘ਚ ਬਿਜਲੀ ਦੇ ਬਕਾਇਆ ਬਿਲਾਂ ਦੀ ਰਕਮ ਦਾ ਜੁਗਾੜ ਕਿਸ ਤਰ੍ਹਾਂ ਕਰਨਗੇ। ਦੁਕਾਨਾਂ ਤੇ ਨੌਕਰੀ ਕਰਨ ਵਾਲੇ ਤਾਂ ਇਸ ਗੱਲ ਨੂੰ ਲੈ ਕੇ ਵੀ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਇਸ ਲੋਕ ਡਾਊਨ ਪੀਰੀਅਡ ਦੀ ਤਨਖਾਹ ਵੀ ਮਿਲੇਗੀ ਜਾਂ ਨਹੀਂ। ਇਸ ਤਰ੍ਹਾਂ ਸਮਾਜ ਦੇ ਹੇਠਲੇ ਦਿਹਾੜੀਦਾਰ ਵਰਗ ਅਤੇ ਛੋਟੇ ਦੁਕਾਨਦਾਰਾਂ ਉਪਰ ਭਾਰੀ ਬੋਝ ਪਵੇਗਾ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਜਿੰਨੇ ਦਿਨ ਲੋਕ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਨਹੀਂ ਕਰ ਸਕਦੇ ਓਨੇ ਦਿਨ ਦਾ ਬਿੱਲ ਮੁਆਫ ਕਰ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਕੋਰੋਨਾ ਮਹਾਮਾਰੀ ਦੌਰਾਨ ਸਮਾਜ ਸੇਵਾ ਲਈ ਅੱਗੇ ਆਏ ਲੋਕਾਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਪੁਲਿਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਜੋ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਅਤੇ ਸਰਜੀਕਲ ਮਾਸਕ ਤੇ ਹੱਥਾਂ ‘ਚ ਦਸਤਾਨੇ ਜਰੂਰ ਪਾਉਣ। ਰਾਜੇਸ਼ ਬਾਘਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪੋ ਆਪਣੇ ਇਲਾਕੇ ਵਿਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਬਿਨਾ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਪਰਿਵਾਰ ਦੇ ਇਕ ਮੈਂਬਰ ਦੀ ਛੋਟੀ ਜਿਹੀ ਗਲਤੀ ਪੂਰੇ ਪਰਿਵਾਰ ਦੀ ਜਿੰਦਗੀ ਨੂੰ ਖਤਰੇ ਵਿਚ ਪਾ ਸਕਦੀ ਹੈ।