ਰੇਲਵੇ ਦਾ ਕੇਂਦਰੀਕਰਨ ਅਤੇ ਲੋਕ ਹਿੱਤ ਵਿਸ਼ੇ ‘ਤੇ ਕਾਲਮਨਵੀਸ ਮੰਚ ਵਲੋਂ ਕਰਵਾਇਆ ਵੈਬੀਨਾਰ

ਫਗਵਾੜਾ,(ਡਾ ਰਮਨ ) “ਤਜਰਬਾ ਦੱਸਦਾ ਹੈ ਕਿ ਬਰਤਾਨੀਆ, ਅਸਟ੍ਰੇਲੀਆ, ਨਿਊਜ਼ੀਲੈਂਡ ਤੇ ਅਰਜਨਟੀਨਾ ਸਮੇਤ ਵਿਸ਼ਵ ਦੇ ਜਿਸ ਵੀ ਮੁਲਕ ‘ਚ ਰੇਲਵੇ ਦਾ ਨਿੱਜੀਕਰਨ ਕੀਤਾ ਗਿਆ ਉਥੋਂ ਦੇ ਅਰਥਚਾਰੇ ਤੇ ਲੋਕਾਂ ਲਈ ਘਾਤਕ ਸਿੱਧ ਹੋਇਆ। ਭਾਰਤੀ ਹਾਕਮ ਇਸ ਤਜਰਬੇ ਤੋਂ ਸਿੱਖਣ ਦੀ ਬਜਾਏ ਭਾਰਤੀ ਅਰਥਚਾਰੇ ਦੀ ਲਾਈਫ ਲਾਈਨ ਰੇਲਵੇ ਦਾ ਨਿੱਜੀਕਰਨ ਕਰਨ ਲਈ ਬਜ਼ਿੱਦ ਹਨ ਜਿਸ ਦੀ ਸ਼ੁਰੂਆਤ 150ਦੇ ਕਰੀਬ ਰੇਲ ਗੱਡੀਆਂ ਤੇ ਕਈ ਰੇਲਵੇ ਸਟੇਸ਼ਨ ਨਿੱਜੀ ਕਰਨ ਦੇ ਨਾਲ ਉਹ ਕਰ ਚੁੱਕੇ ਹਨ। ਇਸ ਨੂੰ ਰੋਕਿਆ ਨਾ ਗਿਆ ਤਾਂ ਭਾਰਤੀ ਅਰਥਚਾਰੇ ਦਾ ਲੱਕ ਟੁੱਟ ਜਾਵੇਗਾ, ਰੁਜ਼ਗਾਰ ਦਾ ਵੱਡਾ ਸੋਮਾ ਖ਼ਤਮ ਹੋ ਜਾਵੇਗਾ, ਲੋਕਾਂ ਨੂੰ ਸਸਤੇ ਸਫ਼ਰ ਦੀ ਸਹੂਲਤ ਵੀ ਨਹੀਂ ਰਹੇਗੀ। “, ਇਹ ਚਿੰਤਾ ਤੇ ਚੇਤਾਵਨੀਜਨਕ ਸੰਕੇਤ ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨੲਰਲ ਸਕੱਤਰ ਅਤੇ ਨੈਸ਼ਨਲ ਜੁਆਇੰਟ ਕੌਂਸਲ ਆਫ ਐਕਸ਼ਨ ਦੇ ਕਨਵੀਨਰ ਸ੍ਰੀ ਸ਼ਿਵ ਗੋਪਾਲ ਮਿਸ਼ਰਾ ਨੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ” ਰੇਲਵੇ ਦਾ ਨਿੱਜੀਕਰਨ ਤੇ ਲੋਕ ਹਿੱਤ” ਮੁੱਦੇ ਬਾਰੇ ਕਰਵਾਏ ਕੌਮਾਂਤਰੀ ਵੈੱਬਨਾਰ ਨੂੰ ਸੰਬੋਧਨ ਕਰਦਿਆਂ ਦਿੱਤੇ। ਉਨ੍ਹਾਂ ਅਗੇ ਕਿਹਾ ਕਿ ਭਾਰਤੀ ਰੇਲਵੇ ਤਕਨੀਕੀ ਤੌਰ ਉੱਤੇ ਵਿਸ਼ਵ ਦੇ ਕਿਸੇ ਵੀ ਮੁਲਕ ਨਾਲੋ ਵਧ ਮਜਬੂਤ, ਸੁਰੱਖਿਅਤ ਤੇ ਕਿਫਾਇਤੀ ਰੇਲਵੇ ਕੋਚ ਤੇ ਹੋਰ ਸ਼ਾਜੋ ਸਮਾਨ ਬਣਾਉਣ ਦੇ ਸਮਰੱਥ ਹੈ। ਇਸ ਕਰਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਲਲਚਾਈ ਨਜ਼ਰਾਂ ਇਸ ‘ਤੇ ਹਨ। ਹਾਲਾਂਕਿ ਤਜਰਬੇ ਨੇ ਸਿੱਧ ਕੀਤਾ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਨਿੱਜੀ ਖੇਤਰ ਮੁਲਕ ਪ੍ਰਤੀ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਤੋਂ ਪਿੱਛੇ ਹਟ ਗਿਆ ਉਥੇ ਜਨਤਕ ਖੇਤਰ ਦੇ ਮੁਲਾਜ਼ਮ ਹੀ ਹਨ ਜਿੰਨ੍ਹਾਂ ਨੇ ਆਪਣੀ ਤੇ ਆਪਣੇ ਪਰਿਵਾਰ ਤੇ ਸਨੇਹੀਆਂ ਦੀ ਜਾਨ ਵੀ ਜ਼ੋਖਮ ਚ ਪਾ ਕੇ ਆਪਣੀਆਂ ਜੁੰਮੇਵਾਰੀਆਂ ਨਿਭਾਈਆਂ ਤੇ ਨਿਭਾ ਵੀ ਰਹੇ ਹਨ। ਉਨ੍ਹਾਂ ਰੇਲਵੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋ ਮੁਲਕ ਚ ਸਭ ਕੁਝ ਬੰਦ ਸੀ ਤਾਂ ਰੇਲਵੇ ਨੇ ਡਾਕਟਰ ਪੈਰਾ ਮੈਡੀਕਲ ਸਟਾਫ, ਦਵਾਈਆਂ ਤੇ ਸ਼ਾਜੋ ਸਮਾਨ ਅਤੇ ਖਾਣ ਪੀਣ ਦੀਆਂ ਵਸਤਾਂ ਸਮੇਤ ਢੋਆ ਢੁਆਈ ਜਾਰੀ ਰੱਖੀ। ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦਸਿਆ ਹੈ ਕਿ ਸ੍ਰੀ ਮਿਸ਼ਰਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਰੇਲਵੇ ਵਰਕਰ ਜਥੇਬੰਦੀਆਂ ਨਿਜੀਕਰਨ ਰੋਕਣ ਦੇ ਨਾਲ ਨਾਲ ਪ੍ਰਬੰਧਕੀ ਸੁਧਾਰ, ਇਸ ਚ ਸਰਮਾਏਕਾਰੀ ਵਧਾ ਕੇ ਤੇ ਲੋੜੀਂਦਾ ਸਟਾਫ ਭਰਤੀ ਕਰਕੇ ਰੇਲਵੇ ਨੂੰ ਹੋਰ ਸੁਰੱਖਿਅਤ ਸਫ਼ਰ ਤੇ ਸਮਾਨ ਦੀ ਢੋਆ ਢੁਆਈ ਸਹੂਲਤ ਮਹੁਈਆ ਕਰਾਉਣ ਦੇ ਸਮਰੱਥ ਬਣਾਉਣ ਲਈ ਜਦੋ ਜਹਿਦ ਕਰ ਰਹੀਆਂ ਹਨ। ਇਸ ਜਦੋ ਜਹਿਦ ਨੂੰ ਲੋਕਾਂ ਦੀ ਮੁਹਿੰਮ ਬਣਾਉਣ ਲਈ ਵੀ ਉਸ ਕੋਸ਼ਿਸ਼ ਕਰ ਰਹੇ ਹਨ। ਭਵਿੱਖੀ ਸੰਘਰਸ਼ ਦੀ ਜਾਣਕਾਰੀ ਦਿੰਦਿਆਂ ਸ੍ਰੀ ਮਿਸ਼ਰਾ ਨੇ ਕਿਹਾ ਕਿ 14ਤੋ 19ਸਤੰਬਰ ਤਕ ,ਰੇਲ ਬਚਾਓ ਦੇਸ਼ ਬਚਾਓ ਸੰਕਲਪ ਹਫਤਾ ਮਨਾਉਣ ਦਾ ਐਲਾਨ ਕੀਤਾ।
ਵੈੱਬਨਾਰ ਚਰਚਾ ਨੂੰ ਅਗੇ ਤੋਰਦਿਆਂ ਪ੍ਰੋ ਹਰਜਿੰਦਰ ਸਿੰਘ ਵਾਲੀਆ, ਡਾ ਗਿਆਨ ਸਿੰਘ, ਵਰਿੰਦਰ ਸ਼ਰਮਾ ਐਮ ਪੀ ਯੂ ਕੇ, ਪ੍ਰੋ ਰਣਜੀਤ ਧੀਰ, ਸੁਰਿੰਦਰ ਮਚਾਕੀ, ਜੀ ਐਸ ਗੁਰਦਿੱਤ, ਗੁਰਮੀਤ ਸਿੰਘ ਪਲਾਹੀ, ਜਗਦੀਪ ਸਿੰਘ ਕਾਹਲੋਂ, ਡਾ ਐਸ ਪੀ ਸਿੰਘ ਸਾਬਕਾ ਉਪ ਕੁਲਪਤੀ, ਕੇਹਰ ਸ਼ਰੀਫ ਜਰਮਨੀ, ਰਵਿੰਦਰ ਸਿੰਘ ਚੋਟ , ਕੇ ਜਵੰਦਾ ਕਨੇਡਾ ਅਵਤਾਰ ਸਿੰਘ ਸ਼ੇਰਗਿੱਲ ਤੇ ਐਸ ਕੇ ਤਿਆਗੀ ਨੇ ਕਈ ਮਹੱਤਵਪੂਰਨ ਨੁਕਤੇ ਜੋੜੇ ਜਿੰਨ੍ਹਾਂ ਦਾ ਸਾਰ ਤੱਤ ਸੀ ਕਿ ਰੇਲਵੇ ਜਾਂ ਏਅਰ ਇੰਡੀਆ ਸਮੇਤ ਵਖ ਵਖ ਜਨਤਕ ਅਦਾਰਿਆਂ ਦਾ ਨਿੱਜੀਕਰਨ ਕੇਂਦਰ ਸਰਕਾਰ ਤੇ ਉਸ ਦੇ ਨੀਤੀਘਾੜਿਆਂ ਦੇ ਸਮੁੱਚੇ ਪੈਕੇਜ ਦਾ ਹੀ ਹਿੱਸਾ। ਇਸ ਲਈ ਜਨਤਕ ਖੇਤਰ ਨੂੰ ਬਚਾਉਣ ਦੀ ਲੜਾਈ ਵੀ ਸਾਂਝੇ ਰੂਪ ਚ ਹੀ ਲੜਨੀ ਪਵੇਗੀ। ਇਹ ਤਾਂ ਹੀ ਸੰਭਵ ਹੈ ਜੇ ਜਥੇਬੰਦੀਆਂ ਆਪਣੀਆਂ ਰਾਜਨੀਤਕ ਸਬੰਧਾਂ, ਬੰਦਸ਼ਾਂ -ਸੀਮਾਵਾਂ ਦੀ ਮਜਬੂਰੀ ਦਾ ਘੇਰਾ ਤੋੜ ਕੇ ਜਨਤਕ ਖੇਤਰ ਨੂੰ ਬਚਾਉਣ ਦੇ ਇਕ ਨੁਕਤੀ ਪ੍ਰੋਗਰਾਮ ‘ਤੇ ਇਕੱਠੇ ਹੋ ਕੇ ਸਮਰਪਿਤ ਸੰਘਰਸ਼ ਕਰਨ । ਇਸ ਲਈ ਮੁਲਕ ਦੇ ਲੋਕਾਂ ਦਾ ਜਨਤਕ ਖੇਤਰ ਚ ਡੋਲ੍ਹਦੇ ਵਿਸ਼ਵਾਸ ਨੂੰ ਦੂਰ ਕਰਨ ਲਈ ਆਪਣੇ ਵਰਤੋ ਵਿਹਾਰ ਚ ਸੁਧਾਰ ਕਰਨਾ ਪਵੇਗਾ।
ਵੈੱਬਨਾਰ ਨੂੰ ਹੋਰ ਅਰਥ ਭਰਪੂਰ ਬਣਾਉਣ ਲਈ ਡਾ ਚਰਨਜੀਤ ਸਿੰਘ ਗੁਮਟਾਲਾ, ਗਿਆਨ ਸਿੰਘ ਰਿਟਾਇਰਡ ਡੀ ਪੀ ਆਰ ਓ, ਡਾ ਗੁਰਚਰਨ ਨੂਰਪੁਰ, ਐਡਵੋਕੇਟ ਸੰਤੋਖ ਲਾਲ ਵਿਰਦੀ , ਐਡਵੋਕੇਟ ਦਰਸ਼ਨ ਸਿੰਘ ਰਿਆੜ , ਸੀ ਐਸ ਬਾਜਵਾ, ਜਗਦੀਪ ਸਿੰਘ ਕਾਹਲੋਂ, ਨਰੇਸ਼ ਕੁਮਾਰ, ਕੁਲਦੀਪ ਚੰਦ ਨੇ ਵੀ ਹਿੱਸਾ ਲਿਆ। ਇਸ ਵੈੱਬਨਾਰ ਦਾ ਤਕਨੀਕੀ ਸੰਚਾਲਨ ਪਰਵਿੰਦਰ ਜੀਤ ਸਿੰਘ ਨੇ ਕੀਤਾ।