ਮਹਿਤਪੁਰ 12ਅਪ੍ਰੈਲ (ਅੰਮ੍ਰਿਤਪਾਲ ਸਿੰਘ) ਭਾਰਤ ਅਤੇ ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ 21 ਦਿਨਾਂ ਦਾ ਲਾਕਡਾਉਣ ਕੀਤਾ ਸੀ ਹਾਲਾਤ ਨਾ ਸੁਧਰਨ ਤੇ ਲੋਕ ਹਿੱਤਾਂ ਲਈ ਲਾਕਡਾਉਣ ਦਾ ਸਮਾਂ 1 ਮਈ ਤੱਕ ਕਰਨਾ ਪਿਆ ਜੋ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ । ਦੂਜੇ ਪਾਸੇ ਜੋ ਪੰਜਾਬ ਸਰਕਾਰ ਵਲੋਂ ਰਾਸ਼ਨ ਆ ਰਿਹਾ ਹੈ ਉਹ ਕੇਵਲ ਸਰਪੰਚਾ, ਪੰਚਾਂ ਜਾ ਕੌਂਸਲਰਾ ਕੋਲ ਆ ਰਿਹਾ ਹੈ ਜੋ ਰਾਸ਼ਨ ਵੰਡਣ ਸਮੇਂ ਰਾਜਨੀਤੀ ਵਿਤਕਰਾ ਕਰ ਰਹੇ ਹਨ ਪਰ ਪੇਟ ਤਾਂ ਸਭਨਾ ਨੂੰ ਲਗਾ ਹੈ । ਇਹ ਵਿਚਾਰ ਹਲਕਾ ਸ਼ਾਹਕੋਟ ਦੇ ਬਸਪਾ ਆਗੂ ਰਾਜ ਕੁਮਾਰ ਭੁੱਟੋ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਹਨਾਂ ਕਿਹਾ ਕਿ ਜਿਸ ਦਿਨ ਤੋਂ ਲਾਕਡਾਉਣ ਹੋਇਆ ਹੈ ਉਸੇ ਦਿਨ ਤੋਂ ਘਰਾਂ ਵਿੱਚ ਬੰਦ ਲੋੜਵੰਦ ਲੋਕਾਂ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਐਨ.ਆਰ.ਆਈ.ਵੀਰ ਆਪਣੀ ਡਿਊਟੀ ਸਮਝਦੇ ਹੋਏ ਰਾਸ਼ਨ ਅਤੇ ਹੋਰ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੇ ਹਨ। ਜੋ ਕਿ ਬਹੁਤ ਵੱਡਾ ਅਤੇ ਪ੍ਰਸ਼ੰਸਾਯੋਗ ਉਪਰਾਲਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਸੇਵਾ ਕੀਤੀ ਹੈ ਅਤੇ ਆਪਣੀਆਂ ਧਾਰਮਿਕ ਅਤੇ ਸਮਾਜਿਕ ਪ੍ਰੰਪਰਾਵਾਂ ਨੂੰ ਅੱਗੇ ਤੋਰਿਆ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਹਲਕਾ ਵਿਧਾਇਕ ਸ.ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਰਕਾਰ ਰਾਸ਼ਨ ਵੰਡਣ ਸਮੇਂ ਰਾਜਨੀਤੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ । ਇਹ ਰਾਸ਼ਨ ਹਰ ਇਕ ਲੋੜਵੰਦ ਪਰਿਵਾਰ ਤੱਕ ਪਹੁੰਚਾਇਆ ਜਾਵੇ । ਦੇਖਣ ਵਿੱਚ ਇਹ ਵੀ ਆਇਆ ਹੈ ਕਿ 21ਦਿਨਾਂ ਵਿੱਚ ਕਈ ਪਰਿਵਾਰਾਂ ਤੱਕ ਰਾਸ਼ਨ ਤਿੰਨ-ਚਾਰ ਵਾਰ ਪਹੁੰਚ ਗਿਆ ਅਤੇ ਕਈ ਪਰਿਵਾਰਾਂ ਤੱਕ ਪਹੁੰਚਿਆ ਨਹੀਂ। ਉਹਨਾਂ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਰਹਿ ਕੇ ਕਰੋਨਾ ਨਾਲ ਲੜਨ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਕਿਹਾ।