ਰਾਜਸਥਾਨ ਦੇ ਭਰਤਪੁਰ ਅਤੇ ਜੈਸਲਮੇਰ ਜ਼ਿਲ੍ਹਿਆਂ ਵਿਚ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਪਾਕਿਸਤਾਨ ਨਾਲ ਲੱਗਦੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਹਮਲਾ ਕਰਨ ਮਗਰੋਂ ਟਿੱਡੀ ਦਲ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਵੀ ਪੁੱਜ ਗਿਆ। ਟਿੱਡੀ ਦਲ ਦੇ ਇਸ ਜ਼ਿਲ੍ਹੇ ਦੇ ਅਨੂਪਗੜ੍ਹ ਅਤੇ ਵਿਜੇ ਨਗਰ ਕਸਬਿਆਂ ਵਿਚ ਸਰਗਰਮ ਹੋਣ ਮਗਰੋਂ ਰਾਜਸਥਾਨ ਦੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਇਲਾਕੇ ਦੇ ਕਿਸਾਨ ਰਵਾਇਤੀ ਤਰੀਕੇ ਵਰਤ ਕੇ ਟਿੱਡੀ ਦਲ ਨਾਲ ਨਿੱਬੜਨ ਲਈ ਸਰਗਰਮ ਹੋ ਗਏ ਹਨ।

ਇਸ ਸਮੱਸਿਆ ਦੇ ਹੱਲ ਲਈ ਪੰਜਾਬ ਖੇਤੀਬਾੜੀ ਮਹਿਕਮਾ ਵੀ ਸਰਗਰਮ ਹੋ ਗਿਆ ਹੈ। ਮਹਿਕਮੇ ਵੱਲੋਂ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਸਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਪ੍ਰਸ਼ਾਸਨ ਨੂੰ ਮੋਨੀਟਰਿੰਗ ਦੀਆਂ ਟੀਮਾਂ ਗਠਿਤ ਕਰਕੇ ਦਫਤਰ ਨੂੰ ਸੁਚਿਤ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸਟਾਫ ਦੀਆਂ ਪਿੰਡ ਵਾਈਜ਼ ਡਿਊਟੀਆਂ ਲਾਉਣ ਦੇ ਹੁਕਮ ਹੋਏ ਹਨ। ਬਾਰਡਰ ਏਰੀਏ ਦਾ ਰੋਜ਼ਾਨਾ ਸਰਵੇਖਣ ਕਰਨ ਅਤੇ ਸਰਵੇਲੈਂਸ ਰਿਪਰਟ ਮੁੱਖ ਦਫਤਰ ਭੇਜਣ ਦੇ ਵੀ ਹੁਕਮ ਹੋਏ ਹਨ। ਕਿਸਾਨਾਂ ਨੂੰ ਟਿੱਡੀ ਦਲ ਦੀ ਪਹਿਚਾਣ ਕਰਾਉਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰ੍ਹੋਂ ਦੀ ਖੜ੍ਹੀ ਫ਼ਸਲ ਨੂੰ ਟਿੱਡੀ ਦਲ ਤੋਂ ਬਚਾਉਣ ਲਈ ਕਿਸਾਨਾਂ ਨੇ ਰਵਾਇਤੀ ਤਰੀਕਾ ਅਪਣਾਉਂਦਿਆਂ ਪੀਪੇ, ਥਾਲੀਆਂ ਵਜਾਉਣ ਤੋਂ ਇਲਾਵਾ ਉੱਚੀ ਆਵਾਜ਼ ਵਿਚ ਮਿਊਜ਼ਿਕ ਦਾ ਪ੍ਰਬੰਧ ਕਰ ਲਿਆ ਹੈ ਤਾਂ ਕਿ ਅਚਨਚੇਤ ਹੋਣ ਵਾਲੇ ਟਿੱਡੀ ਦਲ ਦੇ ਹਮਲੇ ਤੋਂ ਫ਼ਸਲਾਂ ਨੂੰ ਬਚਾਇਆ ਜਾ ਸਕੇ।

ਉਧਰ, ਗੁਆਂਢੀ ਸੂਬੇ ਰਾਜਸਥਾਨ ਵਿਚ ਟਿੱਡੀ ਦਲ ਨੂੰ ਭਜਾਉਣ ਲਈ ਹੈਲੀਕਾਪਟਰ ਰਾਹੀਂ ਸਪਰੇਅ ਕਰਨ ਤੋਂ ਇਲਾਵਾ ਸਰਕਾਰ ਨੇ ਕਿਸਾਨਾਂ ਲਈ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਸਰ੍ਹੋਂ, ਬਾਜਰੇ ਅਤੇ ਛੋਲਿਆਂ ਦੀ ਫ਼ਸਲ ਦੀ ਰਾਖੀ ਲਈ ਟਿੱਡੀ ਦਲ ਨੂੰ ਠਿਕਾਣੇ ਲਗਾਉਣ ਵਾਸਤੇ ਮੁਫ਼ਤ ਦਵਾਈਆਂ ਦੇਣ ਦਾ ਐਲਾਨ ਹੋ ਚੁੱਕਾ ਹੈ।