* ਪ੍ਰਧਾਨ ਮੰਤਰੀ ਦੇ ਨਾਮ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਫਗਵਾੜਾ (ਡਾ ਰਮਨ ) ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਦੇ ਨਿਰਦੇਸ਼ ‘ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸਬੰਧੀ ਆਰਡੀਨੈਂਸਾਂ ਖਿਲਾਫ ਪੂਰੇ ਜ਼ਿਲ੍ਹੇ ਵਿੱਚ ਪਿੰਡ ਅਤੇ ਸ਼ਹਿਰ ਪੱਧਰ ਤੇ ਵੱਖ ਵੱਖ ਧਰਨੇ ਲਗਾਏ ਗਏ। ਇਸ ਲੜੀ ਤਹਿਤ ਯੂਥ ਕਾਂਗਰਸ ਫਗਵਾੜਾ ਵਲੋਂ ਯੂਥ ਪ੍ਰਧਾਨ ਕਰਮਦੀਪ ਕੰਮਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਦੇ ਬਾਹਰ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਧਰਨੇ ਵਿਚ ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਦਸਦਿਆਂ ਕਿਹਾ ਕਿ ਖੇਤੀ ਆਰਡੀਨੈਂਸ ਅਜਿਹਾ ਜਹਿਰ ਹੈ ਜੋ ਪੰਜਾਬ ਦੀ ਕਿਸਾਨੀ ਅਤੇ ਆਰਥਕਤਾ ਨੂੰ ਤਬਾਹ ਕਰਕੇ ਰੱਖ ਦੇਵੇਗਾ ਪਰ ਅਜਿਹੀ ਕਿਸੇ ਵੀ ਸਾਜਿਸ਼ ਨੂੰ ਕਦੇ ਸਵੀਕਾਰ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਦੇ ਆਰਡੀਨੈਂਸਾਂ ਦਾ ਲਾਭ ਸਿੱਧ ਤੌਰ ਤੇ ਅਮੀਰ ਵਰਗ ਨੂੰ ਹੋਵੇਗਾ। ਕਿਸਾਨਾਂ ਦੇ ਨਾਲ ਹੀ ਆੜਤੀ , ਮੁਨੀਮ, ਤੇ ਮੰਡੀ ਮਜਦੂਰਾਂ ਦੇ ਰੁਜਗਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਹਨਾਂ ਸਵਾਲ ਕੀਤਾ ਕਿ ਪਹਿਲਾਂ ਹੀ ਕਰਜੇ ਦੀ ਮਾਰ ਝੱਲਣ ਨੂੰ ਮਜਬੂਰ ਕਿਸਾਨ ਦੂਸਰੇ ਸੂਬਿਆਂ ਵਿਚ ਫਸਲ ਵੇਚਣ ਲਈ ਟਰਾਂਸਪੋਰਟ ਦਾ ਖਰਚਾ ਕਿੱਥੋਂ ਕਰੇਗਾ। ਕੇਂਦਰ ਨੇ ਇਸ ਫੈਸਲੇ ਨਾਲ ਕਿਸਾਨ ਦੀਆਂ ਫਸਲਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਇਕਰਾਰਨਾਮੇ ਤੋਂ ਆਪਣਾ ਵਾਅਦਾ ਵਾਪਸ ਲੈ ਲਿਆ ਹੈ ਜਿਸਦਾ ਕਾਂਗਰਸ ਪਾਰਟੀ ਸ਼ੁਰੂ ਤੋਂ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ। ਇਸ ਦੌਰਾਨ ਸੌਰਵ ਖੁੱਲਰ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਵੱਡਾ ਇਕੱਠ ਨਹੀਂ ਕੀਤਾ ਗਿਆ ਅਤੇ ਜ਼ਿਲ੍ਹੇ ਭਰ ਵਿੱਚ ਕਰੀਬ ਤਿੰਨ ਦਰਜ਼ਨ ਧਰਨੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਏ ਗਏ ਹਨ। ਜਿਸ ਵਿਚ ਪੰਜ-ਪੰਜ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਯੂਥ ਕਾਂਗਰਸ ਵਲੋਂ ਇਹਨਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਇਕ ਮੰਗ ਪੱਤਰ ਵੀ ਐਸ.ਡੀ.ਐਮ. ਪਵਿੱਤਰ ਸਿੰਘ ਨੂੰ ਦਿੱਤਾ। ਇਸ ਮੌਕੇ ਸਨੀ ਬਾਂਸਲ, ਹਰਪ੍ਰੀਤ ਸਿੰਘ ਸੋਨੂੰ, ਹੈਪੀ ਬਸਰਾ, ਮੌਲਾ ਸ਼ੇਰਗਿਲ, ਮਿੱਠੂ ਭਬਿਆਣਾ, ਹੈਪੀ ਸ਼ੇਰਗਿਲ, ਦਮਨ ਅਰੋੜਾ, ਯੁਵੀ ਚਾਚੋਕੀ, ਰਾਹੁਲ, ਤਨੂੰ ਸ਼ੇਰਗਿਲ, ਕਾਕਾ ਆਦਿ ਹਾਜਰ ਸਨ।