*ਜ਼ਿਲਾ ਕਪੂਰਥਲਾ ਤੋਂ ਪਿ੍ਰਆ ਕਸ਼ਯਪ, ਲਖਵੀਰ ਸਿੰਘ ਅਤੇ ਖੁਸ਼ਕਰਨ ਸਿੰਘ ਨੇ ਮਾਰੀ ਬਾਜ਼ੀ
*ਨੌਜਵਾਨ ਵਰਗ ਕੋਰੋਨਾ ਜਾਗਰੂਕਤਾ ਵਿਚ ਨਿਭਾਅ ਰਿਹਾ ਅਹਿਮ ਭੂਮਿਕਾ-ਪ੍ਰੀਤ ਕੋਹਲੀ

ਫਗਵਾੜਾ (ਡਾ ਰਮਨ)
ਮੌਜੂਦਾ ਸਮੇਂ ਜਦੋਂ ਕਿ ਕੋਰੋਨਾ ਵਰਗੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ ਅਤੇ ਇਸ ਤੋਂ ਬਚਾਅ ਦਾ ਇਕੋ-ਇਕ ਤਰੀਕਾ ਸਿਰਫ ਜਾਗਰੂਕਤਾ ਹੈ। ਜੇਕਰ ਅਸੀਂ ਜਾਗਰੂਕ ਹੋਵਾਂਗੇ ਤਾਂ ਹੀ ਇਸ ਬਿਮਾਰੀ ਤੋਂ ਬਚ ਸਕਾਂਗੇ। ਇਸ ਜਾਗਰੂਕਤਾ ਨੂੰ ਫੈਲਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਤਹਿਤ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਵੱਲੋਂ ਜ਼ਿਲਾ ਕਪੂਰਥਲਾ ਵਿਚ ਨੌਜਵਾਨਾਂ ਵਿਚ ਜਾਗਰੂਕਤਾ ਫੈਲਾਉਣ ਲਈ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਇਕ ਆਨਲਾਈਨ ਟਿਕਟਾਕ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਨੌਜਵਾਨ ਵਰਗ (15 ਤੋਂ 35 ਸਾਲ ਉਮਰ) ਵੱਲੋਂ ਜ਼ੋਰ-ਸ਼ੋਰ ਨਾਲ ਭਾਗ ਲਿਆ ਗਿਆ। ਉਨਾਂ ਦੱਸਿਆ ਕਿ ਖੁਸ਼ੀ ਦੀ ਗੱਲ ਤਾਂ ਹਿਹ ਰਹੀ ਕਿ ਜ਼ਿਲੇ ਦੇ ਬਾਹਰੋਂ ਵੀ ਨੌਜਵਾਨਾਂ ਵੱਲੋਂ ਇਸ ਵਿਚ ਭਾਗ ਲਿਆ ਗਿਆ ਅਤੇ ਮੀਡੀਆ ਵੱਲੋਂ ਵੀ ਬੇਹੱਦ ਸਹਿਯੋਗ ਮਿਲਿਆ, ਜਿਸ ਸਦਕਾ ਇਹ ਉਪਰਾਲਾ ਸਿਰੇ ਚੜ ਸਕਿਆ। ਉਨਾਂ ਦੱਸਿਆ ਕਿ ਨਤੀਜਾ ਤਿਆਰ ਕਰਨ ਵਿਚ ਕਾਫੀ ਮਿਹਨਤ ਆਈ ਕਿਉਂ ਜੋ ਨੌਜਵਾਨਾਂ ਵੱਲੋਂ ਬਹੁਤ ਹੀ ਵਧੀਆ ਵੀਡੀਓ ਬਣਾ ਕੇ ਭੇਜੀਆਂ ਗਈਆਂ। ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿਚੋਂ ਜ਼ਿਲਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਪਿ੍ਰਆ ਕਸ਼ਅੱਪ ਨੂੰ ਮਿਲਿਆ ਜਦਕਿ ਪਿੰਡ ਬਾਜੇ ਵਾਲਾ ਤੋਂ ਲਖਵੀਰ ਸਿੰਘ ਸਰਾਰੀ ਦੂਜੇ ਅਤੇ ਡੀ. ਏ. ਵੀ ਕਾਲਜੀਏਟ ਸਕੂਲ ਫਗਵਾੜਾ ਦਾ ਖੁਸ਼ਕਰਨ ਸਿੰਘ ਤੀਜੇ ਸਥਾਨ ’ਤੇ ਰਿਹਾ। ਉਨਾਂ ਦੱਸਿਆ ਕਿ ਸਕੂਲ/ਕਾਲਜ ਖੁੱਲਣ ’ਤੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 260 ਤੋਂ ਵੱਧ ਭਾਗੀਦਾਰਾਂ ਵੱਲੋਂ ਆਪਣੇ ਘਰ ਬੈਠੇ ਜਾਗਰੂਕਤਾ ਪੋਸਟਰ ਬਣਾ ਕੇ ਉਸ ਦੀਆਂ ਤਸਵੀਰਾਂ ਵੀ ਭੇਜੀਆਂ ਗਈਆਂ, ਜੋ ਕਿ ਸਲਾਹੁਣਯੋਗ ਹਨ। ਉਨਾਂ ਦੱਸਿਆ ਕਿ ਇਹ ਪੋਸਟਰ ਨੌਜਵਾਨਾਂ ਵੱਲੋਂ ਆਪਣੇ ਆਲੇ-ਦੁਆਲੇ ਲਗਾ ਕੇ ਗਲੀ-ਮੁਹੱਲੇ ਨੂੰ ਜਾਗਰੂਕ ਵੀ ਕੀਤਾ ਗਿਆ।