* ਹਾਥਰਸ ਕਾਂਡ ਦੇ ਵਿਰੋਧ ‘ਚ ਕੀਤਾ ਪੁਤਲਾ ਫੂਕ ਮੁਜਾਹਰਾ
* ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਮੁੜ ਲਾਗੂ ਕਰਨ ਦੀ ਮੰਗ
ਫਗਵਾੜਾ (ਡਾ ਰਮਨ ) ਅੰਬੇਡਕਰ ਸੈਨਾ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਡਾ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਵਿਖੇ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਰੋਸ ਮਾਰਚ ਕਰਦਿਆਂ ਗੋਲ ਚੌਕ ਜੀ.ਟੀ. ਰੋਡ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਯ ਨਾਥ ਦਾ ਪੁਤਲਾ ਸਾੜਿਆ ਗਿਆ। ਇਸ ਉਪਰੰਤ ਐਸ.ਡੀ.ਐਮ. ਫਗਵਾੜਾ ਪਵਿੱਤਰ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਘੱਟ ਗਿਣਤੀ, ਦਲਿਤਾਂ ਪ੍ਰਤੀ ਹਿੰਸਾਤਮਕ ਨਜਰੀਆ, ਔਰਤਾਂ ਬੱਚਿਆਂ ਪ੍ਰਤੀ ਵੱਧ ਰਹੇ ਅਤਿਆਚਾਰ, ਸੰਵਿਧਾਨਕ ਹੱਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਖਤਮ ਕਰਨਾ, ਹਾਥਰਸ ਵਿਚ ਹੋਈ ਘਿਨਾਉਣੀ ਵਾਰਦਾਤ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਬੰਦ ਕਰਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿਚ ਪਾਉਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਅੰਬੇਡਕਰ ਸੈਨਾ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ, ਸੀਨੀਅਰ ਆਗੂ ਤਰਸੇਮ ਚੁੰਬਰ, ਧਰਮਿੰਦਰ ਭੁੱਲਾਰਾਈ, ਸੁਰਿੰਦਰ ਰਾਵਲਪਿੰਡੀ, ਡਾ. ਸਤੀਸ਼ ਸੁਮਨ ਆਦਿ ਨੇ ਕਿਹਾ ਕਿ ਦੇਸ਼ ਵਿਚ ਸਮੇਂ ਦੀ ਸਰਕਾਰ ਦਾ ਨਜਰੀਆ ਦਲਿਤ ਘਟਗਿਣਤੀਆਂ ਪ੍ਰਤੀ ਸੰਤੋਸ਼ ਜਨਕ ਨਹੀਂ ਹੈ। ਹਾਥਰਸ ਵਿਚ ਮਨੀਸ਼ਾ ਨਾਂ ਦੀ ਲੜਕੀ ਨਾਲ ਜਬਰ ਜਿਨਾਹ ਕਰਕੇ ਉਸਦੇ ਸਰੀਰ ਦੀਆਂ ਹੱਡੀਆਂ ਤੋੜੀਆਂ ਗਈਆਂ, ਜੀਭ ਵੱਡੀ ਗਈ ਅਤੇ ਬਾਅਦ ਵਿਚ ਇਲਾਜ ਕਰਾਉਣ ਵਿਚ ਵੀ ਪ੍ਰਸ਼ਾਸਨ ਨੇ ਕੋਤਾਹੀ ਵਰਤੀ ਜਿਸ ਕਰਕੇ ਉਸਦੀ ਮੌਤ ਹੋ ਗਈ। ਉਸਦਾ ਅੰਤਮ ਸੰਸਕਾਰ ਰਾਤ ਦੇ ਹਨੇ•ਰੇ ਵਿਚ ਪਰਿਵਾਰ ਦੀ ਗੈਰ ਮੋਜੂਦਗੀ ਵਿਚ ਕੀਤਾ ਗਿਆ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਦੇਸ਼ ਵਿਚ ਦਲਿਤ ਹੋਣਾ ਗੁਨਾਹ ਹੈ। ਸੁਰਿੰਦਰ ਢੰਡਾ ਨੇ ਕੇਂਦਰ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਲਈ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕਰਨ ਦੀ ਵੀ ਸਖਤ ਨਖੇਦੀ ਕੀਤੀ ਅਤੇ ਕਿਹਾ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਰਾਸ਼ਟਰਪਤੀ ਤੋਂ ਅਪੀਲ ਕੀਤੀ ਕਿ ਮਨੀਸ਼ਾ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜਾ ਦੁਆਈ ਜਾਵੇ। ਉੱਤਰ ਪ੍ਰਦੇਸ਼ ਸਰਕਾਰ ਨੂੰ ਭੰਗ ਕਰਕੇ ਗਵਰਨਰੀ ਰਾਜ ਲਾਗੂ ਕੀਤਾ ਜਾਵੇ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਦੁਬਾਰਾ ਇੰਨਬਿੰਨ ਲਾਗੂ ਕੀਤਾ ਜਾਵੇ। ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਪਰਸ ਰਾਮ ਸ਼ਿਵਪੁਰੀ, ਪ੍ਰਨੀਸ਼ ਬੰਗਾ, ਰਵੀ ਹਰਦਾਸਪੁਰ, ਮਨੀਸ਼ ਚੌਧਰੀ, ਡਾ. ਹਰਦੀਪ ਬੇਗਮਪੁਰਾ, ਸੰਦੀਪ ਢੰਡਾ, ਕੁਲਵਿੰਦਰ ਵਿਰਕ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਨਰਿੰਦਰ ਬਿੱਲਾ, ਦਾਰਾ ਚਿਹੇੜੂ, ਹਰਜਿੰਦਰ ਵਿਰਕ, ਸਤਪਾਲ ਮੱਟੂ, ਰੀਨਾ ਖੋਸਲਾ, ਕਿਰਨਪ੍ਰੀਤ, ਭਾਵਨਾ ਦਾਦਰਾ, ਅਵਤਾਰ ਸਿੰਘ, ਡਾ. ਸੁਰਜੀਤ ਵੈਦ, ਰਵੀ, ਮੰਗੀ ਮੰਢਾਲੀ, ਤੀਰਥ ਭਰੋਲੀ, ਜਿੰਦਰ ਰਸੀਲਾ, ਰਾਜੀ ਢੰਡਾ, ਗਗਨ ਚਾਚੋਕੀ, ਗੋਪੀ ਚਾਚੋਕੀ, ਲੱਕੀ ਪੰਡੋਰੀ, ਲਾਡੀ, ਪਿੰਦੀ, ਹੈਰੀ ਤੇ ਮੇਸ਼ੀ ਆਦਿ ਹਾਜਰ ਸਨ।