ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੋਰੋਨਾਵਾਇਰਸ ਵਿਰੁੱਧ ਜੰਗ ਵਿਚ ਲੋਕਾਂ ਨੂੰ ਪਹਿਲਾਂ ਘੰਟੀਆਂ ਵਜਾਉਣ ਤੇ ਥਾਲੀਆ ਖੜਕਾਉਣ ਤੇ ਫਿਰ ਮੋਮਬੱਤੀਆਂ ਜਗਾਉਣ ਦੇ ਦਿੱਤੇ ਸੱਦੇ ਦੇ ਮੁਕਾਬਲੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਨੂੰ 20 ਅਪ੍ਰੈਲ ਨੂੰ ਜੈਕਾਰਾ ਜੈ ਘੋਸ਼ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ।
ਕਾਂਗਰਸੀ ਆਗੂਆਂ ਨੂੰ ਲਿਖੇ ਪੱਤਰ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਕੋਰੋਨਾਵਾਇਰਸ ਦਾ ਟਾਕਰਾ ਕਰਨ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਂਮਾਰੀ ਦੇ ਟਾਕਰੇ ਲਈ ਸੂਬਿਆਂ ਨੂੰ ਵੱਧ ਤੋਂ ਵੱਧ ਮਾਲੀ ਮਦਦ ਦਿੱਤੀ ਜਾਵੇ। ਇਸ ਮੰਗ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਅਤੇ ਸਮੂਹ ਡਾਕਟਰੀ ਅਮਲੇ, ਸੁਰੱਖਿਆ ਵਿਭਾਗ, ਸਫਾਈ ਕਰਮੀਆਂ, ਸਮਾਜ ਸੇਵੀਆਂ ਤੇ ਹੋਰ ਸਾਰੇ ਵਿਭਾਗਾਂ ਦਾ ਧੰਨਵਾਦ ਕਰਨ ਲਈ 20 ਅਪ੍ਰੈਲ ਨੂੰ ਸ਼ਾਮ 6 ਵਜੇ ਆਪੋ ਆਪਣੇ ਘਰ ਦੇ ਅੰਦਰ ਰਹਿ ਕੇ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ ਜਾਣ ਅਤੇ ਹਰ ਹਰ ਮਹਾਂਦੇਵ ਦਾ ਜੈ ਘੋਸ਼ ਕਰੀਏ।

ਜਾਖੜ ਨੇ ਸਮੂਹ ਕਾਂਗਰਸੀ ਆਗੂਆਂ ਨੂੰ ਆਪੋ ਆਪਣੇ ਹਲਕੇ, ਜ਼ਿਲ੍ਹੇ ਤੇ ਬਲਾਕਾਂ ਅੰਦਰ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦਾ ਵੀ ਸੱਦਾ ਦਿੱਤਾ ਹੈ।