ਮੋਗਾ ਦੇ ਪਿੰਡ ਮਸਤੇਵਾਲ ‘ਚ ਬੀਤੀ ਰਾਤ ਵਿਆਹ ‘ਚ ਲੱਗੇ ਡੀ. ਜੇ. ਦੌਰਾਨ ਗੋਲੀ ਚੱਲਣ ਨਾਲ ਕੋਟ ਈਸੇ ਖਾਂ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਪੁੱਜ ਗਏ। ਡੀ. ਜੇ. ਦਾ ਕੰਮ ਕਰਦੇ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕੋਟ ਈਸੇ ਖਾਂ ਨੇ ਦੱਸਿਆ ਕਿ ਮਸਤੇਵਾਲਾ ਪਿੰਡ ‘ਚ ਵਿਆਹ ਵਾਲੇ ਘਰ ‘ਚ ਉਨ੍ਹਾਂ ਵੱਲੋਂ ਡੀ. ਜੇ. ਲਗਾਇਆ ਹੋਇਆ ਸੀ ਅਤੇ ਘਰ ‘ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ ਕਈ ਫਾਇਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣਾ ਡੀ. ਜੇ. ਬੰਦ ਕਰਨ ਲੱਗੇ ਤਾਂ ਸ਼ਰਾਬੀ ਨੌਜਵਾਨਾਂ ਵੱਲੋਂ ਸਾਨੂੰ ਧੱਕੇ ਨਾਲ ਡੀ. ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸੇ ਦੌਰਾਨ ਹੀ ਇੱਕ ਨੌਜਵਾਨ ਵੱਲੋਂ ਗੋਲੀ ਚਲਾਈ ਗਈ। ਇਹ ਗੋਲੀ ਉਨ੍ਹਾਂ ਦੇ ਨਾਲ ਡੀ. ਜੇ. ਦਾ ਕੰਮ ਕਰਦੇ ਕਰਨ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਦੀ ਛਾਤੀ ‘ਚ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਧਰ ਪੁਲਿਸ ਨੇ ਮੁੱਢਲੀ ਪੁੱਛਗਿੱਛ ਕਰਨ ਅਤੇ ਬਿਆਨ ਲੈਣ ਉਪਰੰਤ ਪੰਜ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।