ਫਗਵਾੜਾ (ਡਾ ਰਮਨ )

ਅੱਜ ਲੋਕ ਇਨਸਾਫ ਪਾਰਟੀ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਇੰਚਾਰਜ ਦੋਆਬਾ ਜ਼ੋਨ ਜਰਨੈਲ ਨੰਗਲ ਨੇ ਆਪਣੇ ਸਾਥੀਆਂ ਸਮੇਤ ਮੁਹੱਲਾ ਓਂਕਾਰ ਨਗਰ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਮੁਹੱਲੇ ਦਾ ਦੌਰਾ ਕੀਤਾ।ਜਿੱਥੇ ਕੇ ਉਹਨਾਂ ਨੇ ਦਸਿਆ ਮੁਹੱਲਾ ਓਂਕਾਰ ਨਗਰ ਵਿੱਚ ਤਕਰੀਬਨ ਇੱਕ ਮਹੀਨਾ ਪਹਿਲਾ ਸੀਮਿੰਟ ਦੀ ਬਣੀ ਹੋਈ ਗਲ਼ੀ ਨੂੰ ਨਵੀਂ ਬਣਨੀ ਕਹਿ ਕੇ ਪੁੱਟ ਦਿੱਤਾ ਗਿਆ ਅਤੇ ਅੱਜ ਤਕਰੀਬਨ ਇੱਕ ਮਹੀਨਾ ਬੀਤਣ ਦੇ ਬਾਅਦ ਵੀ ਗਲ਼ੀ ਨਹੀਂ ਬਣਾਈ ਗਈ।ਬਰਸਾਤ ਦਾ ਮੌਸਮ ਹੋਣ ਕਰਕੇ ਬਾਰਿਸ਼ ਅਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਕਮਰਿਆਂ ਵਿੱਚ ਨੀਹਾਂ ਦੇ ਰਾਹੀਂ ਜਾ ਰਿਹਾ ਹੈ ਅਤੇ ਲੋਕਾਂ ਦੀ ਹਾਲਤ ਬਹੁਤ ਖਰਾਬ ਹੈ।ਚੱਲਣ ਫਿਰਨ ਨੂੰ ਜਗ੍ਹਾ ਨਹੀਂ ਹੈ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਹੈ।ਬਰਸਾਤੀ ਮੌਸਮ ਵਿੱਚ ਪਾਣੀ ਖੜਾ ਹੋ ਜਾਣ ਕਰਕੇ ਬਿਮਾਰੀ ਫੈਲਣ ਦਾ ਵੀ ਖਤਰਾ ਹੈ।ਨੀਹਾਂ ਰਾਹੀਂ ਘਰਾਂ ਚ ਦਾਖਿਲ ਹੋ ਰਹੇ ਪਾਣੀ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ।ਨੰਗਲ ਨੇ ਕਿਹਾ ਕਿ ਇੱਕ ਪਾਸੇ ਸੀਮਿੰਟ ਦੀਆਂ ਬਣੀਆਂ ਹੋਈਆਂ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਈ ਸਾਲਾਂ ਤੋਂ ਕੱਚੀਆਂ ਪਈਆਂ ਗਲੀਆਂ ਨੂੰ ਬਣਾਇਆ ਨਹੀਂ ਜਾ ਰਿਹਾ ਉਹਨਾਂ ਕਿਹਾ ਕਿ ਨਿਗਮ ਕਿਸ ਤਰਾਂ ਕੰਮ ਕਰ ਰਿਹਾ ਉਹਨਾਂ ਦੀ ਸਮਝ ਤੋਂ ਬਾਹਰ ਹੈ।ਮੁਹੱਲੇ ਦਾ ਦੌਰਾ ਕਰਨ ਤੋਂ ਬਾਅਦ ਜਰਨੈਲ ਨੰਗਲ ਨੇ ਸਾਥੀਆਂ ਸਮੇਤ ਇੱਕ ਮੰਗ ਪੱਤਰ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਕਮਿਸ਼ਨਰ ਫਗਵਾੜਾ ਨੂੰ ਦਿੱਤਾ ਅਤੇ ਜਲਦੀ ਹੀ ਮੁਹੱਲਾ ਵਾਸੀਆਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਕਿਹਾ ਉਹਨਾਂ ਮੁਸ਼ਕਿਲਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।ਇਸ ਮੌਕੇ ਬਲਵੀਰ ਠਾਕੁਰ,ਬਲਰਾਜ ਬਾਊ,ਸ਼ਸ਼ੀ ਬੰਗੜ,ਸਮਰ,ਡਾ ਰਮੇਸ਼ ਆਦਿ ਹਾਜ਼ਰ ਸਨ।