ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਵਾਰ-ਵਾਰ ਆਉਦੇ ਹੜਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕੀ ਜਾਵੇ ਕਿਉਂ ਜੋ ਇਨਾਂ ਹੜਾਂ ਨਾਲ ਸੂਬੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨੂੰ ਮਿਲ ਕੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੜਾਂ ਦੀ ਰੋਕਥਾਮ ਲਈ ਠੋਸ ਤੇ ਕਾਰਗਾਰ ਤਰੀਕਾ ਲੱਭੇ ਜਿਸ ਨਾਲ ਸੂਬਾ ਹਰ ਸਾਲ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚ ਸਕੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿਚਲੇ ਹੜਾਂ ਦੇ ਕਾਰਨਾਂ ਬਾਰੇ ਜਾਣੂੰ ਕਰਵਾਇਆ ਹੈ ਅਤੇ ਸੂਬਾ ਹਰ ਸਾਲ ਇੰਨਾ ਵੱਡਾ ਨੁਕਸਾਨ ਝੱਲਣ ਦੀ ਹਾਲਤ ਵਿੱਚ ਨਹੀਂ ਹੈ।