ਫਗਵਾੜਾ (ਡਾ ਰਮਨ ) ਹੇਰੀਟੇਜ ਹੱਬ, ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਅਤੇ ਨਵਰੰਗ ਟੀ.ਵੀ. ਦੇ ਸਾਂਝੇ ਉਪਰਾਲੇ ਨਾਲ ਭਾਰਤੀ ਸੰਗੀਤ ਦੇ ਚਮਕਦੇ ਸੂਰਜ ਸਵ. ਮੁਹੰਮਦ ਰਫੀ ਦੀ ਬਰਸੀ ਦੇ ਸਬੰਧ ਵਿਚ ਇਕ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸ਼ੌਂਕੀਆ ਗਾਉਣ ਵਾਲੇ ਰਫੀ ਦੇ ਪ੍ਰਸ਼ੰਸਕਾਂ ਅਤੇ ਨਾਮੀ ਗਾਇਕਾਂ ਨੇ ਉਹਨਾਂ ਦੇ ਗਾਏ ਗੀਤ ਸੁਣਾਏ ਅਤੇ ਰਫੀ ਨੂੰ ਆਪਣੀ ਨਿੱਘੀ ਸ਼ਰਧਾਂਜਲੀ ਦਿੱਤੀ। ਸਕੂਲੀ ਵਿਦਿਆਰਥੀਆਂ ਦਾ ਗਾਇਨ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿਚ ਗੁਰਵਿੰਦਰ ਗੁਰੀ ਨੇ ਪਹਿਲਾ, ਮਨਪ੍ਰੀਤ ਸਿੰਘ, ਸਿਧਾਰਥ ਖੰਨਾ ਨੇ ਸਾਂਝੇ ਤੌਰ ਤੇ ਦੂਸਰਾ ਅਤੇ ਗੁਰਪਾਲ ਤੇ ਲਵਪ੍ਰੀਤ ਲਵ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ 31 ਜੁਲਾਈ ਨੂੰ ਮੁਹੰਮਦ ਰਫੀ ਦੀ ਬਰਸੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ ਸੀ ਅਤੇ ਜੇਤੂਆਂ ਨੂੰ ਅੱਜ ਸਿਟੀ ਕੇਬਲ ਦੇ ਦਫਤਰ ਵਿਖੇ ਬੁਲਾ ਕੇ ਸਤਿਕਾਰ ਕੀਤਾ ਗਿਆ। ਨਾਲ ਹੀ ਪ੍ਰੋਗਰਾਮ ਦੌਰਾਨ ਰਫੀ ਦੇ ਗੀਤ ਗਾਉਣ ਵਾਲਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਜਿਹਨਾਂ ਵਿਚ ਦੇਵੀ ਸ਼ਰਨ, ਸੰਜੀਵ ਕੁਮਾਰ, ਦੀਪਕ ਦੁੱਗਲ, ਸ੍ਰਿਸ਼ਟੀ ਯੁਕਤਾ, ਮਯੰਕ, ਦੀਕਸ਼ਾ, ਸਾਗਰ ਸ਼ਰਨ, ਰਾਮ ਲੁਭਾਇਆ ਕੌਲ, ਅਰਾਧਨਾ ਸਿੰਘ, ਸ੍ਰੀਮਤੀ ਭੋਗਲ ਅਤੇ ਮਨਪ੍ਰੀਤ ਕੌਰ ਧਾਮੀ ਸ਼ਾਮਲ ਰਹੇ। ਸਨਮਾਨ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ, ਮੋਹਨ ਲਾਲ ਤਨੇਜਾ ਅਤੇ ਟੀ.ਡੀ. ਚਾਵਲਾ ਆਦਿ ਹਾਜਰ ਸਨ।