K9NEWSPUNJAB Bureau-

ਚੰਡੀਗੜ੍ਹ, 25 ਅਗਸਤ 2019 – ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ ਪਰ ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਇਸਦੇ ਹਰੀਕੇ ਹੈੱਡ ਵਿਖੇ ਮੌਜੂਦਾ ਪੱਧਰ 82532 ਕਿਊਸਿਕ ਹੈ ਜੋ ਸ਼ਾਮ ਤੱਕ ਹੋਰ ਘਟਣ ਦੀ ਉਮੀਦ ਹੈ।
ਭੋਲੇਵਾਲ ਵਿਖੇ 170 ਫੁੱਟ ਚੌੜੇ ਅਤੇ 45 ਫੁੱਟ ਡੂੰਘੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੱਤੇਵਾੜਾ ਖੇਤਰ ਵਿੱਚ ਵੀ ਛੋਟੇ ਪਾੜ ਦੀ ਸ਼ਨਾਖ਼ਤ ਕੀਤੀ ਗਈ ਸੀ ਜਿਸਨੂੰ ਸਮੇਂ ਸਿਰ ਪੂਰ ਦਿੱਤਾ ਗਿਆ। ਇਸ ਦੇ ਨਾਲ ਹੀ ਮਾਓ ਸਾਹਿਬ ਵਿਖੇ ਪਏ ਪਾੜ ਨੂੰ ਵੀ ਪੂਰ ਦਿੱਤਾ ਗਿਆ ਹੈ ਅਤੇ ਮਿਓਂਵਾਲ ਵਿਖੇ 320 ਫੁੱਟ ਵਿੱਚੋਂ 180 ਫੁੱਟ ਪਾੜ ਨੂੰ ਪੂਰਨ ਦਾ ਕੰਮ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਨੀਆਂ ਚਾਹਲ ਪਿੰਡ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਫੌਜ ਵੱਲੋਂ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਰਹਿੰਦੇ ਪਾੜ ਵੀ ਜਲਦੀ ਹੀ ਪੂਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਟੇਂਡੀਵਾਲਾ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਕਪੂਰਥਲਾ ਵਿੱਚ ਟਿੱਬੀ ਵਿਖੇ ਕਿਨਾਰੇ ਖੁਰਨ ਦੀ ਸਮੱਸਿਆ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਸਥਿਤੀ ਨਿਯੰਤਰਣ ਹੇਠ ਹੈ। ਆਹਲੀ ਕਲਾਂ ਧੂਸੀ ਬੰਨ੍ਹ ਵਿਖੇ ਤੁਰੰਤ ਮੁਰੰਮਤ ਕਾਰਜਾਂ ਅਤੇ ਰੇਤ ਦੀਆਂ ਬੋਰੀਆਂ ਲਗਾ ਪਾੜ ਪੈਣ ਦੀ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ।
ਫਿਰੋਜ਼ਪੁਰ ਵਿਖੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਬਚਾਅ ਟੀਮਾਂ ਨਾਲ ਵੱਧ ਤੋਂ ਵੱਧ 500 ਲੋਕ ਜੁੜੇ ਹੋਏ ਹਨ। ਪ੍ਰਭਾਵਿਤ ਪਿੰਡਾਂ ਵਿੱਚ ਦਵਾਈਆਂ ਅਤੇ ਫੂਡ ਪੈਕੇਟ ਵੰਡੇ ਜਾ ਰਹੇ ਹਨ। 20 ਰਾਹਤ ਕੇਂਦਰ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਹਰੇਕ ਪਿੰਡ ਵਿੱਚ 16 ਮੈਡੀਕਲ ਟੀਮਾਂ ਅਤੇ ਮੋਬਾਇਲ ਬੋਟ ਯੂਨਿਟਾਂ ਕੰਮ ਕਰ ਰਹੀਆਂ ਹਨ।
ਲੁਧਿਆਣਾ ਵਿਖੇ ਵੀ ਸਥਿਤੀ ਨਿਯੰਤਰਣ ਹੇਠ ਹੈ। ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਾਰੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪਸ਼ੂ ਪਾਲਣ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ 13 ਗਾਵਾਂ ਅਤੇ ਮੱਝਾਂ ਹੜ੍ਹਾਂ ਕਾਰਨ ਮਾਰੀਆਂ ਜਾ ਚੁੱਕੀਆਂ ਹਨ। ਹੁਣ ਤੱਥ 2000 ਤੋਂ ਜ਼ਿਆਦਾ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਜਲੰਧਰ ਵਿਖੇ 4 ਐਨ.ਡੀ.ਆਰ.ਐਫ. ਟੀਮਾਂ, ਐਸ.ਡੀ.ਆਰ.ਐਫ. ਦੀਆਂ 3 ਟੀਮਾਂ, 4 ਫੌਜੀ ਦਲ ਅਤੇ 15 ਕਿਸ਼ਤੀਆਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਹਨ। ਹਵਾਈ ਸੇਵਾ ਜ਼ਰੀਏ ਹੁਣ ਤੱਕ 36000 ਫੂਡ ਪੈਕੇਟ ਪਹੁੰਚਾਏ ਗਏ ਹਨ ਅਤੇ ਰਾਹਤ ਕੈਂਪਾਂ ਵਿੱਚ ਤਕਰੀਬਨ 2000 ਲੋਕ ਸੁਰੱÎਖਿਅਤ ਹਨ। 14 ਕੈਂਪਾਂ ਦਾ ਪ੍ਰਬੰਧ ਸਿਹਤ ਵਿਭਾਗ ਅਤੇ 18 ਕੈਂਪ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਗਏ ਹਨ। ਲਗਭਗ 32000 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ 100 ਪਿੰਡਾਂ ਵਿੱਚ ਫ਼ਸਲ ਅੱਧੀ ਜਾਂ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਜੋ ਕਿ ਤਕਰੀਬਨ 55000 ਏਕੜ ਬਣਦੀ ਹੈ। ਲਗਭਗ 18000 ਲੋਕ ਲੋਹੀਆਂ ਵਿੱਚ ਫਸੇ ਹੋਏ ਹਨ ਅਤੇ ਕਿਉਂਜੋ ਪਾਣੀ ਘਟ ਰਿਹਾ ਹੈ ਇਸ ਲਈ ਕਿਸ਼ਤਰੀਆਂ ਨਹੀਂ ਚੱਲ ਸਕਦੀਆਂ ਪਰ ਲੋਕਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਟਰੈਕਟਰ ਟਰਾਲੀਆਂ ਦਾ ਸਹਾਰਾ ਲੈ ਰਹੇ ਹਨ।
ਕਪੂਰਥਲਾ ਵਿੱਚ, 87 ਪਿੰਡ ਪ੍ਰਭਾਵਿਤ ਹੋਏ ਹਨ ਅਤੇ 20 ਪਿੰਡ ਜ਼ਮੀਨ ਤੋਂ ਕਟ-ਆਫ਼ ਹੋ ਗਏ ਹਨ ਜਿਨ੍ਹਾਂ ਵਿੱਚ 1777 ਪਰਿਵਾਰਾਂ ਦੇ 9578 ਵਿਅਕਤੀ ਮੌਜੂਦ ਹਨ। ਇਨ੍ਹਾਂ ਪਿੰਡਾਂ ਵਿੱਚ 4800 ਫੂਡ ਪੈਕੇਟ ਹਵਾਈ ਸੇਵਾ ਰਾਹੀਂ ਪਹੁੰਚਾਏ ਗਏ ਹਨ। 1930 ਯੂਨਿਟਾਂ ਸਮੇਤ 800 ਕਿਲੋ ਦੁੱਧ ਪਾਊਡਰ ਵੀ ਵੰਡੇ ਗਏ ਹਨ। ਹਰੇਕ ਰਾਸ਼ਨ ਯੂਨਿਟ 3 ਦਿਨਾਂ ਲਈ ਕਾਫ਼ੀ ਹੈ। ਹੁਣ ਤੱਕ 325 ਵਿਅਕਤੀਆਂ ਨੂੰ ਇੱਥੋਂ ਬਾਹਰ ਕੱਢਿਆ ਗਿਆ ਹੈ। ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ 233 ਬਚਾਅ ਕਰਮਚਾਰੀ ਅਤੇ 14 ਕਿਸ਼ਤੀਆਂ ਕੰਮ ਵਿੱਚ ਲਗਾਈਆਂ ਗਈਆਂ ਹਨ।
ਹੜ੍ਹਾਂ ਤੋਂ ਬਾਅਦ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿÎਭਾਗ ਦੁਆਰਾ ਫੌਗਿੰਗ ਕੀਤੀ ਜਾ ਰਹੀ ਹੈ। ਹੜ੍ਹਾਂ ਦੀ ਮਾਰ ਵਾਲੇ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਕਿਸ਼ਤਰੀਆਂ ਜ਼ਰੀਏ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਮੋਬਾਇਲ ਮੈਡੀਕਲ ਟੀਮਾਂ ਨੂੰ ਸਥਿਤੀ ਆਮ ਵਰਗੀ ਹੋਣ ਤੱਕ ਪੱਕੇ ਤੌਰ ‘ਤੇ ਇਨ੍ਹਾਂ ਪਿੰਡਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰਨਗੀਆਂ।