*ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਖ਼ੁਦ ਬਿਮਾਰੀ ਤੋਂ ਬਚਣ ਤੇ ਹੋਰਨਾਂ ਨੂੰ ਬਚਾਉਣ ਦੀ ਅਪੀਲ
*ਜ਼ਿਲੇ ਦੇ 1972 ਵਿਅਕਤੀ ਕੋਵਾ ਐਪ ’ਤੇ ‘ਮਿਸ਼ਨ ਫ਼ਤਿਹ ਵਾਰੀਅਰ’ ਵਜੋਂ ਜੁੜੇ
ਫਗਵਾੜਾ (ਡਾ ਰਮਨ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ‘ਮਿਸ਼ਨ ਫ਼ਤਿਹ’ ਦੇ 27 ਜੂਨ ਤੋਂ 5 ਜੁਲਾਈ ਤੱਕ ਚਲਾਏ ਜਾ ਰਹੇ ਦੂਸਰੇ ਗੇੜ ਨੂੰ ਜ਼ਿਲਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਕੋਵਿਡ-19 ਤੋਂ ਬਚਾਅ ਲਈ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਉਪਾਵਾਂ ਬਾਰੇ ਜ਼ਮੀਨੀ ਗਤੀਵਿਧੀਆਂ ਵਜੋਂ ਇਸ ਮੁਹਿੰਮ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਨੇਪਰੇ ਚਾੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 27 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕ ਨੁਮਾਇੰਦਿਆਂ ਦੀ ਸਹਾਇਤਾ ਨਾਲ ਸ਼ਹਿਰੀ ਖੇਤਰਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਸਹਾਇਤਾ ਨਾਲ ਪੇਂਡੂ ਖੇਤਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ। ਉਨਾਂ ਦੱਸਿਆ ਕਿ 29 ਜੂਨ ਨੂੰ ਤਕਨੀਕੀ ਸਿੱਖਿਆ ਵਿਭਾਗ, 30 ਜੂਨ ਨੂੰ ਉਚੇਰੀ ਸਿੱਖਿਆ ਵਿਭਾਗ, 1 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ, 2 ਜੁਲਾਈ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਹਲ ਵਿਕਾਸ ਵਿਭਾਗ, 3 ਜੁਲਾਈ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, 4 ਜੁਲਾਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ 5 ਜੁਲਾਈ ਨੂੰ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਉਕਤ ਹਰੇਕ ਵਿਭਾਗ ਵੱਲੋਂ ਹਰੇਕ 15 ਦਿਨਾਂ ਬਾਅਦ ਇਹ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਖ਼ਬਰਦਾਰ ਕੀਤਾ ਜਾਵੇਗਾ।
ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਕੋਵਾ’ ਐਪ ਰਾਹੀਂ ਮਿਸ਼ਨ ਫ਼ਤਿਹ ਯੋਧਿਆਂ ਦੀ ਚੋਣ ਹੋ ਰਹੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਕਾਬਲੇ ਵਿਚ ਭਾਗ ਲੈਣ ਲਈ ‘ਕੋਵਾ‘ ਐਪ ਆਪਣੇ ਮੋਬਾਈਲ ਵਿਚ ਡਾਊਨਲੋਡ ਕਰਕੇ ਇਸ ’ਤੇ ਆਪਣੇ ਆਪ ਨੂੰ ਰਜਿਸਟਰਡ ਕਰਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਦੇ 1972 ਲੋਕ ਇਸ ਐਪ ’ਤੇ ਮਿਸ਼ਨ ਫ਼ਤਿਹ ਵਾਰੀਅਰ ਵਜੋਂ ਜੁੜ ਚੁੱਕੇ ਹਨ, ਜੋ ਕਿ ਅੱਗੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੀ ਸੇਵਾ ਨਿਭਾਅ ਰਹੇ ਹਨ। ਉਨਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਜ਼ਿਲਾ ਕਪੂਰਥਲਾ ਦਾ ਇਕ ਵਿਅਕਤੀ ਸਿਲਵਰ ਸਰਟੀਫਿਕੇਟ ਜੇਤੂ ਅਤੇ 9 ਬਰਾਂਨਜ਼ ਸਰਟੀਫਿਕੇਟ ਜੇਤੂ ਬਣ ਚੁੱਕੇ ਹਨ। ਉਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਸਫ਼ਲ ਕਰਨ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਇਸ ਬਿਮਾਰੀ ਤੋਂ ਖ਼ੁਦ ਵੀ ਬਚਣ ਅਤੇ ਹੋਰਾਂ ਨੂੰ ਵੀ ਬਚਾਉਣ ਲਈ ਸਹਿਯੋਗ ਕਰਨ।