ਹੁਸ਼ਿਆਰਪੁਰ, 28 ਜੂਨ

(ਬਲਵੀਰ ਚੌਪੜਾ ,ਫੂਲਾ ਰਾਮ ਬੀਰਮਪੁਰ)
ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ ਵਿੱਚ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੁਸ਼ਿਆਰਪੁਰ ਜ਼ਿਲੇ ਦੇ ਸਰਪੰਚਾਂ ਅਤੇ ਪੰਚਾਂ ਵਲੋਂ ਚੁੱਕੇ ਗਏ ਮਿਸਾਲੀ ਕਦਮ ਕੋਵਿਡ-19 ਖਿਲਾਫ ਜੰਗ ਜਿੱਤਣ ਵਿੱਚ ਕਾਰਗਰ ਸਾਬਿਤ ਹੋ ਰਹੇ ਹਨ। ਕਰਫਿਊ ਦੌਰਾਨ ਜ਼ਿਲੇ ਦੀਆਂ ਪੰਚਾਇਤਾਂ ਦੀ ਪਹਿਲਕਦਮੀ ਸਦਕਾ 1403 ਪਿੰਡਾਂ ਨੇ ਅੱਗੇ ਆ ਕੇ ਸਭ ਤੋਂ ਪਹਿਲਾਂ ਸਵੈ-ਇਕਾਂਤਵਾਸ ਅਪਣਾਇਆ ਅਤੇ ਹੁਣ ਸਰਪੰਚਾਂ ਅਤੇ ਪੰਚਾਂ ਵਲੋਂ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦਿਆਂ ਘਰ-ਘਰ ਜਾਗਰੂਕਤਾ ਫੈਲਾ ਕੇ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਨੂੰ ਪੱਬਾਂ ਭਾਰ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕਰਫਿਊ ਦੌਰਾਨ ਪੰਚਾਇਤਾਂ ਦੀ ਪਹਿਲਕਦਮੀ ਸਦਕਾ ਜ਼ਿਲੇ ਦੇ 1429 ਪਿੰਡਾਂ ਵਿਚੋਂ 1403 ਪਿੰਡਾਂ ਵਲੋਂ ਸਵੈ-ਇਕਾਂਤਵਾਸ ਨੂੰ ਅਪਣਾਉਣਾ ਬੇਮਿਸਾਲ ਉਪਰਾਲਾ ਰਿਹਾ, ਜੋ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਵਿੱਚ ਕਾਮਯਾਬ ਹੋ ਰਿਹਾ ਹੈ। ਉਨਾਂ ਦੱਸਿਆ ਕਿ ਹੁਸ਼ਿਆਰੁਪਰ ਬਲਾਕ-1 ਦੇ 189 ਪਿੰਡਾਂ, ਭੂੰਗਾ ਦੇ 181, ਦਸੂਹਾ ਦੇ 155, ਮੁਕੇਰੀਆਂ ਦੇ 140, ਮਾਹਿਲਪੁਰ ਦੇ 147, ਗੜ•ਸ਼ੰਕਰ ਦੇ 145, ਹੁਸ਼ਿਆਰਪੁਰ ਬਲਾਕ-2 ਦੇ 120, ਟਾਂਡਾ ਦੇ 118, ਤਲਵਾੜਾ ਦੇ 106 ਅਤੇ ਹਾਜੀਪੁਰ ਬਲਾਕ ਦੇ 102 ਪਿੰਡਾਂ ਵਲੋਂ ਆਪਣੇ-ਆਪ ਨੂੰ ਸੈਲਫ ਕੁਆਰਨਟਾਈਨ ਕੀਤਾ ਗਿਆ ਸੀ।

ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲੇ ਦੀਆਂ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਜੰਗ ਅਜੇ ਵੀ ਜਾਰੀ ਹੈ, ਇਸ ਲਈ ‘ਮਿਸ਼ਨ ਫਤਿਹ’ ਤਹਿਤ ਵੱਧ ਤੋਂ ਵੱਧ ਡੋਰ-ਟੂ-ਡੋਰ ਜਾਗੂਰਕਤਾ ਫੈਲਾਈ ਜਾਵੇ, ਤਾਂ ਜੋ ਹਰ ਵਿਅਕਤੀ ਪ੍ਰੇਰਿਤ ਹੋਕੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਾ ਹੋਇਆ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦੀ ਵਰਤੋਂ ਕਰਨ ਸਮੇਤ ਸਮੇਂ-ਸਮੇਂ ‘ਤੇ 20 ਸੈਕਿੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਨੂੰ ਯਕੀਨੀ ਬਣਾਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਸਰਪੰਚਾਂ ਅਤੇ ਪੰਚਾਂ ਵਲੋਂ ਕੋਰੋਨਾ ਯੋਧਿਆਂ ਦੇ ਬੈਜ਼ ਲਗਾ ਕੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਸੀ ਅਤੇ ਇਹ ਮੁਹਿੰਮ ਅਜੇ ਵੀ ਜਾਰੀ ਹੈ।
ਜ਼ਿਲੇ ਦੇ ਸਰਪੰਚਾਂ ਅਤੇ ਪੰਚਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਆਪਣੇ ਪਿੰਡ ਵਾਸੀਆਂ ਨੂੰ ਮਿਲਦੇ ਹਨ ਅਤੇ ਸਾਵਧਾਨੀਆਂ ਵਰਤਣ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦੇ ਹਨ। ਉਨਾਂ ਕਿਹਾ ਕਿ ਕਰਫਿਊ ਦੌਰਾਨ ਵੀ ਪਿੰਡਾਂ ਨੂੰ ਸੈਲਫ ਕੁਆਰਨਟੀਨ ਕੀਤਾ ਗਿਆ ਸੀ ਅਤੇ ਹੁਣ ‘ਮਿਸ਼ਨ ਫਤਿਹ’ ਤਹਿਤ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਕੋਰੋਨਾ ਖਿਲਾਫ ਜੰਗ ਵਿੱਚ ਪੰਚਾਇਤਾਂ ਵਲੋਂ ਮੋਹਰੀ ਭੂਮਿਕਾ ਨਿਭਾਉਂਦਿਆਂ ‘ਮਿਸ਼ਨ ਫਤਿਹ’ ਨੂੰ ਸਫਲ ਬਣਾਇਆ ਜਾਵੇਗਾ। ਉਨਾਂ ਆਸ ਪ੍ਰਗਟਾਈ ਕਿ ਪਿੰਡ ਵਾਸੀਆਂ ਦੀ ਇਕਜੁੱਟਤਾ ਨਾਲ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਸਦਕਾ ਕੋਰੋਨਾ ‘ਤੇ ਜਲਦੀ ਫਤਿਹ ਪਾ ਲਈ ਜਾਵੇਗੀ।