-ਹੁਣ ਤੱਕ ਜ਼ਿਲੇ ਦੇ 140 ਮਰੀਜ਼ਾਂ ਨੇ ਕੋਰੋਨਾ ਖਿਲਾਫ ਜਿੱਤੀ ਜੰਗ, 10,135 ਸੈਂਪਲ ਨੈਗੇਟਿਵ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, (ਫੂਲਾ ਰਾਮ ਬੀਰਮਪੁਰ)
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਾਵਧਾਨੀਆਂ ਅਪਣਾ ਕੇ ਕੋਰੋਨਾ ‘ਤੇ ਫਤਿਹ ਪਾਈ ਜਾ ਸਕਦੀ ਹੈ। ਇਸ ਲਈ ਜ਼ਿਲਾ ਵਾਸੀ ਮਿਸ਼ਨ ਫਤਿਹ ਤਹਿਤ ਖੁਦ ਜਾਗਰੂਕ ਹੋ ਕੇ ਦੂਸਰਿਆਂ ਨੂੰ ਵੀ ਜਾਗਰੂਕ ਕਰਨ, ਤਾਂ ਜੋ ਜ਼ਿਲੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਹੁਣ ਤੱਕ 140 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਮਿਸ਼ਨ ਫਤਿਹ ਤਹਿਤ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ ਲਏ ਸੈਂਪਲਾਂ ਵਿਚੋਂ 10,135 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਵਲੋਂ ਵੱਧ ਤੋਂ ਵੱਧ ਜਾਗੂਕਤਾ ਫੈਲਾਈ ਜਾ ਰਹੀ ਹੈ, ਤਾਂ ਜੋ ਜ਼ਿਲਾ ਵਾਸੀ ਸਾਵਧਾਨੀਆਂ ਅਪਣਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜਾਗਰੂਕਤਾ ਲਈ ਕੁਆਰਨਟੀਨ ਵਿਅਕਤੀਆਂ ਨੂੰ ਕੋਵਾ ਐਪ ਵੀ ਡਾਊਨਲੋਡ ਕਰਵਾਇਆ ਜਾ ਰਿਹਾ ਹੈ, ਤਾਂ ਜੋ ਕੋਵਿਡ-19 ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਉਨਾਂ ਕਿਹਾ ਕਿ ਜ਼ਿਲੇ ਵਿੱਚ ਹੋਮ ਕੁਆਰਨਟੀਨ ਦੀ ਚੈਕਿੰਗ ਲਈ ਜ਼ਿਲਾ ਪ੍ਰਸ਼ਾਸਨ ਵਲੋਂ 135 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਸੰਪਰਕ ਦੇ ਨਾਲ ਫੈਲਦਾ ਹੈ। ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ ‘ਤੇ 20 ਸੈਕੰਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 10,988 ਸੈਂਪਲ ਲਏ ਗਏ ਹਨ। ਉਨਾਂ ਕਿਹਾ ਕਿ ਅੱਜ 228 ਸੈਂਪਲ ਲਏ ਗਏ ਹਨ। ਉਨਾਂ ਦੱਸਿਆ ਕਿ ਅੱਜ 417 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਅਤੇ 2 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ 27 ਸਾਲਾਂ ਇਕ ਵਿਅਕਤੀ ਮੁਕੇਰੀਆਂ ਦੇ ਪਿੰਡ ਕਾਲੂਚਾਂਗ ਦਾ ਹੈ ਅਤੇ ਦੂਸਰਾ 52 ਸਾਲਾਂ ਵਿਅਕਤੀ ਟਾਂਡਾ ਦੇ ਪਿੰਡ ਮੂਣਕਾਂ ਦਾ ਹੈ। ਇਹ ਦੋਵੇ ਮਰੀਜ ਪੁਲਿਸ ਮੁਲਾਜ਼ਮ ਹਨ ਅਤੇ ਜਲੰਧਰ ਤੋਂ ਪੌਜ਼ੀਟਿਵ ਰਿਪੋਰਟ ਹੋਏ ਹਨ। ਇਨਾਂ ਦੋਵੇਂ ਮਰੀਜ਼ਾਂ ਨੂੰ ਜਲੰਧਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਹੁਣ ਤੱਕ ਲਏ ਗਏ 10,988 ਸੈਂਪਲਾਂ ਵਿਚੋਂ 10,135 ਨੈਗੇਟਿਵ ਅਤੇ 688 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ 27 ਸੈਂਪਲ ਇਨਵੈਲਿਡ ਵੀ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਹੁਣ ਤੱਕ ਪੌਜ਼ੀਟਿਵ ਕੇਸਾਂ ਦੀ ਗਿਣਤੀ 167 ਹੋ ਗਈ ਹੈ, ਜ਼ਿਨਾਂ ਵਿਚੋਂ 22 ਐਕਟਿਵ ਕੇਸ ਹਨ ਅਤੇ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।