ਬਿਊਰੋ ਰਿਪੋਰਟ –

ਨੌਜਵਾਨ ਕਿਸੇ ਵੀ ਦੇਸ਼ ਦੀ ਉਹ ਸ਼ਕਤੀ ਹੁੰਦੇ ਨੇ ਜੋ ਆਪਣੀ ਨਵੀਂ ਅਤੇ ਅਗਾਂਹਵਧੂ ਸੋਚ ਨਾਲ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ’ਤੇ ਲੈ ਜਾਂਦੇ ਹਨ। ਜੇਕਰ ਇੱਕ ਅਗਾਂਹਵਧੂ, ਪੜਿਆ ਲਿਖਿਆ ਨੌਜਵਾਨ ਸਰਪੰਚ ਬਣ ਕੇ ਆਪਣੀ ਉਸਾਰੂ ਸੋਚ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਉਸ ਪਿੰਡ ਦੀ ਤਕਦੀਰ ਬਦਲਣੀ ਨਿਸ਼ਚਿਤ ਹੈ। ਅਜਿਹੀ ਹੀ ਉਦਾਹਰਨ ਦੇਖੀ ਜਾ ਸਕਦੀ ਹੈ ਬਟਾਲਾ ਨੇੜਲੇ ਪਿੰਡ ਚੂਹੇਵਾਲ ਵਿਖੇ।

ਪਿੰਡ ਚੂਹੇਵਾਲ ਦੇ ਵਸਨੀਕਾਂ ਨੇ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਆਪਣੇ ਪਿੰਡ ਦੇ ਸਭ ਤੋਂ ਵੱਧ ਪੜੇ-ਲਿਖੇ ਨੌਜਵਾਨ ਦਲਜੀਤ ਸਿੰਘ ਬੰਮਰਾਹ ਜੋ ਕਿ ਐੱਮ.ਬੀ.ਏ ਪਾਸ ਹੈ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਸੀ। ਦਲਜੀਤ ਸਿੰਘ ਦੀ ਸਰਪੰਚ ਵਜੋਂ ਚੋਣ ਪਿੰਡ ਚੂਹੇਵਾਲ ਲਈ ਬਹੁਤ ਲਾਹੇਵੰਦੀ ਸਾਬਤ ਹੋਈ ਹੈ ਅਤੇ ਇਸ ਨੌਜਵਾਨ ਸਰਪੰਚ ਨੇ ਬੜੇ ਥੋੜੇ ਸਮੇਂ ਵਿੱਚ ਹੀ ਪਿੰਡ ਵਿੱਚ ਉਹ ਵਿਕਾਸ ਕਾਰਜ ਕਰਾ ਰਿਹਾ ਹੈ ਜੋ ਦਹਾਕਿਆਂ ਤੋਂ ਨਹੀਂ ਹੋਏ ਸਨ। ਸਰਪੰਚ ਦਲਜੀਤ ਸਿੰਘ ਦੀ ਅਗਾਂਹਵਧੂ ਸੋਚ ਅਤੇ ਪਿੰਡ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਬੀਤੇ ਦਿਨੀ ਉਸ ਨੂੰ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਝੋਕ ਹਰੀ ਹਰ ਵਿਖੇ ਹੋਏ ਇੱਕ ਰਾਜ ਪੱਧਰੀ ਸਮਾਗਮ ‘ਜੱਟ ਐਕਸਪੋ’ ਵਲੋਂ ਪੇਂਡੂ ਵਿਕਾਸ ਵਿੱਚ ਸਭ ਤੋਂ ਉੱਤਮ ਸੇਵਾਵਾਂ ਨਿਭਾਉਣ ਬਦਲੇ ‘ਐਕਸੀਲੈਂਸ ਅਵਾਰਡ ਟੂ ਸਰਪੰਚ ਫਾਰ ਰੂਰਲ ਡਿਵੈਲਪਮੈਂਟ’ ਨਾਲ ਨਿਵਾਜਿਆ ਗਿਆ ਹੈ। ਸਾਲ 2019 ਦਾ ਇਹ ਐਵਾਰਡ ਹਾਸਲ ਕਰਨ ਵਾਲੇ ਦਲਜੀਤ ਸਿੰਘ ਸੂਬੇ ਭਰ ਵਿਚੋਂ ਇੱਕੋ-ਇੱਕ ਸਰਪੰਚ ਹਨ। ਇਹ ਐਵਾਰਡ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਉਬਰਾਏ ਅਤੇ ਝਰਮਲ ਸਿੰਘ ਸਮੇਤ ਜੱਟ ਐਕਸਪੋ ਦੀ ਸਮੁੱਚੀ ਟੀਮ ਵਲੋਂ ਦਿੱਤਾ ਗਿਆ। ਪਿਛਲੇ ਸਾਲ ਇਸ ਸਮਾਗਮ ਦੌਰਾਨ ਇਹ ਐਵਾਰਡ ਜ਼ਿਲਾ ਗੁਰਦਾਸਪੁਰ ਦੀ ਹੀ ਪੰਚਾਇਤ ਛੀਨਾ ਰੇਲਵਾਲਾ ਦੇ ਨੌਜਵਾਨ ਸਰਪੰਚ ਨੈਸ਼ਨਲ ਅਵਾਰਡੀ ਪੰਥਦੀਪ ਸਿੰਘ ਨੂੰ ਦਿੱਤਾ ਗਿਆ ਸੀ।
ਸਰਪੰਚ ਦਲਜੀਤ ਸਿੰਘ ਨੇ ਆਪਣੇ ਪਿੰਡ ਦੇ ਵਿਕਾਸ ਦੀ ਸ਼ੁਰੂਆਤ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਦਲਜੀਤ ਸਿੰਘ ਦਾ ਮੰਨਣਾ ਹੈ ਕਿ ਸਿੱਖਿਆ ਦੀ ਮਨੁੱਖੀ ਜੀਵਨ ਵਿੱਚ ਸਭ ਤੋਂ ਵੱਧ ਅਹਿਮੀਅਤ ਹੈ ਅਤੇ ਸਿੱਖਿਆ ਹੀ ਕਿਸੇ ਇਨਸਾਨ ਦੀ ਜ਼ਿੰਦਗੀ ਬਦਲ ਕੇ ਉਸਨੂੰ ਰੌਸ਼ਨ ਕਰ ਸਕਦੀ ਹੈ। ਦਲਜੀਤ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਕੋਲੋਂ ਮਨਰੇਗਾ ਤਹਿਤ 13.23 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ ਹੈ ਜਿਸ ਤਹਿਤ ਸਕੂਲ ਦੀ ਨੁਹਾਰ ਬਦਲੀ ਜਾ ਰਹੀ ਹੈ।

ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਪਿੰਡ ਦੀ ਮੁੱਖ ਸੜਕ ਦੇ ਦੋਨੋਂ ਪਾਸੇ ਅਤੇ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਪਿੰਡ ਵਿੱਚ ਹਰਿਆਲੀ ਲਿਆਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਇਨਾਂ ਪੌਦਿਆਂ ਦੀ ਸੰਭਾਲ ਲਈ ਟ੍ਰੀ-ਗਾਰਡ ਲਗਾਏ ਜਾਣਗੇ। ਉਨਾਂ ਕਿਹਾ ਕਿ ਪਿੰਡ ਵਿੱਚ ਸਟਰੀਟ ਲਾਈਟਾਂ ਅਤੇ ਬੈਠਣ ਲਈ ਬੈਂਚ ਲਗਾਉਣ ਦਾ ਪ੍ਰੋਜੈਕਟ ਵੀ ਬਹੁਤ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਿੰਡ ਵਿੱਚ ਹਰ ਵਿਕਾਸ ਕਾਰਜ ਦਾ ਆਰੰਭ ਅਰਦਾਸ ਕਰਕੇ ਪਿੰਡ ਦੇ ਬਜ਼ੁਰਗਾਂ ਕੋਲੋਂ ਕਰਾਇਆ ਜਾਂਦਾ ਹੈ। ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਪਿੰਡ ਦਾ ਵਿਕਾਸ ਸਮੂਹ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਾਥ ਅਤੇ ਸਲਾਹ ਨਾਲ ਕੀਤਾ ਜਾ ਰਿਹਾ ਹੈ ਅਤੇ ਉਨਾਂ ਦਾ ਸੁਪਨਾ ਹੈ ਕਿ ਉਨਾਂ ਦਾ ਪਿੰਡ ਰਾਜ ਦਾ ਸਭ ਤੋਂ ਖੂਬਸੂਰਤ ਪਿੰਡ ਬਣੇ। ਸਰਪੰਚ ਦਲਜੀਤ ਸਿੰਘ ਨੇ ਪਿੰਡ ਦੇ ਵਿਕਾਸ ਵਿੱਚ ਦਿੱਤੇ ਜਾ ਰਹੇ ਯੋਗਦਾਨ ਲਈ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।