ਗੜਸ਼ੰਕਰ (ਫੂਲਾ ਰਾਮ ਬੀਰਮਪੁਰ):ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਵਲੋਂ ਮਿਡ ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਨੁੂੰ ਰਜਿਸਟਰਡ ਮਜ਼ਦੂਰਾਂ ਵਾਂਗ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ ਪ੍ਰੈਂਸ ਨੁੂੰ ਬਿਆਨ ਜਾਰੀ ਕਰਦਿਆਂ ਡੀ.ਟੀ.ਅੈੱਫ਼ ਦੇ ਆਗੂਆਂ ਮੁਕੇਸ਼ ਗੁਜਰਾਤੀ, ਹੰਸ ਰਾਜ ਗੜ੍ਸ਼ੰਕਰ, ਸੁਖਦੇਵ ਡਾਨਸੀਵਾਲ ਨੇ ਕਿਹਾ ਕਿ
ਕਰੋਨਾ ਮਹਾਂਮਾਰੀ ਨੇ ਉਂਝ ਤਾਂ ਕੁੱਲ ਸੰਸਾਰ ਨੂੰ ਹੀ ਪ੍ਰਭਾਵੀਤ ਕੀਤਾ ਹੈ ਪਰ ਮਿਡ ਡੇ ਮੀਲ ਵਰਕਰਾਂ ਲਈ ਇਹ ਸਮੱਸਿਆਵਾਂ ਦਾ ਅੰਬਾਰ ਲੈ ਕੇ ਆਈ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਅਤੇ ਕਰਫਿਊ ਨੂੰ ਮਾਰਚ ਮਹੀਨੇ ਵਿੱਚ ਲਾਗੂ ਕਰਨਾ ਮਿਡ ਡੇ ਮੀਲ ਵਰਕਰਾਂ ਲਈ ਦੋਹਰੀ ਮਾਰ ਸਾਬਿਤ ਹੋਇਆ ਹੈ, ਜਿਸ ਨੇ ਇਨੵਾਂ ਨੂੰ ਭੁੱਖਮਰੀ ਦੀ ਕਗਾਰ ‘ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਇਸ ਮਹਾਮਾਰੀ ਦੌਰਾਨ ਹਰੇਕ ਨਾਗਰਿਕ ਲਈ ਸਹੂਲਤਾਂ ਦੇਣ ਅਤੇ ਵੱਖ-ਵੱਖ ਵਰਗਾਂ ਲਈ ਪੈਨਸਨਾਂ ਤੇ ਤਨਖਾਹਾਂ ਦੇਣ ਦਾ ਦਾਅਵਾ ਲਗਾਤਾਰ ਕਰ ਰਹੀਆਂ ਹਨ। ਇਥੋਂ ਤੱਕ ਕਿ ਸਰਕਾਰ ਵਲੋਂ ਪ੍ਰਾਇਵੇਟ ਅਦਾਰਿਆਂ ਦੇ ਕਰਮਚਾਰੀਆਂ ਦੀ ਤਨਖਾਹਾਂ ਕਿਸੇ ਵੀ ਸੂਰਤ ਵਿੱਚ ਨਾ ਕੱਟਣ ਅਤੇ ਕਾਰਵਾਈ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਮਾਰਚ ਮਹੀਨੇ ਵਿੱਚ ਹਜਾਰਾਂ ਮਿਡ ਡੇ ਮੀਲ ਵਰਕਰਾਂ ਨੂੰ ਕੰਮ ਕਰਨ ਦੇ ਬਾਵਜੂਦ ਵੀ ਮਾਣ ਭੱਤਾ ਜੋ ਕਿ ਮਹਿਜ 1700 ਰੁ. ਹੀ ਮਿਲਦਾ ਹੈ, ਉਹ ਵੀ ਪੂਰਾ ਨਹੀਂ ਮਿਲੇਗਾ। ਅਜਿਹੇ ਵਿੱਚ ਜਿੱਥੇ ਇਸ ਮਹੀਨੇ ਇਹ ਵਰਕਰ ਪਹਿਲਾ ਮਿਡ ਡੇ ਮੀਲ ਦਾ ਕੰਮ ਬਿਨਾ ਮਾਣ ਭੱਤੇ ਦੇ ਕਰਦਿਆ, ਕੋਈ ਹੋਰ ਕੰਮ ਧੰਦਾ ਕਰਕੇ ਆਪਣਾ ਪੇਟ ਭਰਦੀਆਂ ਸਨ, ਪਰ ਹੁਣ ਇਸੇ ਮਹੀਨੇ ਕਰੋਨਾ ਵਾਇਰਸ ਕਾਰਨ ਲਾਗੂ ਕਰਫਿਊ ਤੇ ਤਾਲਾਬੰਦੀ ਕਾਰਨ ਇਹਨਾਂ ਨੂੰ ਨਾਂ ਤਾਂ ਕਿਤੇ ਹੋਰ ਕੰਮ ਕਰ ਮਿਲ ਰਿਹਾ ਹੈ ਤੇ ਨਾਂ ਹੀ ਸਰਕਾਰ ਨੇ ਇਹਨਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਪੂਰੀ ਦੇਣੀ ਹੈ। ਇਸ ਸਬੰਧੀ ਮਿਡ ਡੇ ਮੀਲ ਕੁੱਕ ਵਰਕਰਾਂ ਦੀ ਜਥੇਬੰਦੀ ਦੀਆਂ ਆਗੂਆਂ ਕਮਲਾ ਦੇਵੀ ਸੁਨੀਤਾ ਰਾਣੀ ਨੇ ਦੱਸਿਆ ਕਿ ਵਰਕਰਾਂ ਲਈ ਅਜਿਹੇ ਵਿੱਚ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਹੀ ਵਰਕਰਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਰਜਿਸਟਰਡ ਮਜਦੂਰਾਂ ਦੀ ਤਰਜ਼ ‘ਤੇ ਇਨੵਾਂ ਵਰਕਰਾਂ ਨੂੰ ਵੀ ਫੌਰੀ 3000 ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ, ਤਾਂ ਜੋ ਇਹ ਵਰਕਰ ਵੀ ਆਪਣੀ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਸਕਣ। ਆਗੂਆਂ ਨੇ ਪੰਜਾਬ ਸਰਕਾਰ ‘ਤੇ “ਮਿਡ ਡੇ ਮੀਲ ਵਰਕਰਾਂ ਦੇ ਹੱਕਾਂ ਦਾ ਲਗਾਤਾਰ ਘਾਣ ਕਰਨ ਦਾ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਵਿੱਤ ਵਿਭਾਗ ਨੇ ਲੰਬੇ ਸਮੇਂ ਤੋਂ ਵਰਕਰਾਂ ਦੀ ਤਨਖਾਹ 3000 ਰੁ. ਮਹੀਨੇ ਦੀ ਪ੍ਰਪੋਜਲ ਨੂੰ ਮੰਨਜੂਰੀ ਨਾ ਦੇ ਕੇ ਜਾਣ ਬੁੱਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਦੇ ਗੁਆਂਢੀ ਸੂਬੇ ਮਿਡ ਡੇ ਮੀਲ ਵਰਕਰਾਂ ਨੂੰ 5000 ਰੁ ਮਹੀਨਾ ਤੱਕ ਤਨਖਾਹ ਦੇ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕੀ ਜਲਦੀ ਹੀ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਢੁੱਕਵਾਂ ਫੈਸਲਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚਫ ਸਕਣ।