➡️ਵਜੀਫਿਆਂ ਦੇ ਹਜਾਰਾਂ ਰੁਪਏ ਉਡੀਕਦੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਨੂੰ ਕੌਢੀਆਂ ਨਾਲ ਭਰਨ ਦੀ ਤਿਆਰੀ

➡️ਮਿਡ ਡੇ ਮੀਲ ਦਾ ਅਨਾਜ਼ ਘਰ-ਘਰ ਭੇਜਣ ਦੇ ਬੇਤੁਕੇ ਫੈਸਲੇ ਨਾਲ ਅਧਿਆਪਕਾਂ ਦੀ ਵਧੇਗੀ ਖੱਜਲ ਖੁਆਰੀ: ਡੀ.ਟੀ.ਐੱਫ

5 ਅਪ੍ਰੈਲ, ਹੁਸ਼ਿਆਰਪੁਰ (ਫੂਲਾ ਰਾਮ ਬੀਰਮਪੁਰ): ਪੰਜਾਬ ਸਮੇਤ ਪੂਰੇ ਭਾਰਤ ਵਿੱਚ ਲਾਗੂ ਤਾਲਾਬੰਦੀ ਨੇ ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਰਾਸ਼ਨ, ਸਬਜਿਆਂ ਅਤੇ ਹੋਰ ਰੋਜ਼ਮਰਾ ਦੀਆਂ ਲੋੜਾਂ ਤੋਂ ਵਾਂਝੇ ਕਰ ਦਿੱਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਿਆਦਾਤਰ ਵਿਦਿਆਰਥੀ, ਮਜਦੂਰ ਅਤੇ ਛੋਟੀ ਕਿਸਾਨੀ ਨਾਲ ਸਬੰਧਿਤ ਪਰਿਵਾਰਾਂ ‘ਚੋਂ ਹੋਣ ਕਾਰਨ, ਇਹ ‘ਕਰੋਨਾ ਵਾਇਰਸ’ ਮਹਾਂਮਾਰੀ ‘ਚੋਂ ਉਪਜੇ ਸੰਕਟ ਦਾ ਵਧੇਰੇ ਸ਼ਿਕਾਰ ਬਣ ਰਹੇ ਹਨ। ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ਦੀਆਂ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਕੋਈ ਕਾਰਗਰ ਕਦਮ ਚੁੱਕਣ ਦੀ ਥਾਂ ਸਿੱਖਿਆ ਵਿਭਾਗ ਰਾਹੀਂ ਮਿਡ-ਡੇ-ਮੀਲ ਦੇ ਮੁੱਠੀ ਭਰ ਦਾਣਿਆਂ ਤੇ ਨਿਗੁਣੀ ਰਾਸ਼ੀ ਦੀ ਵੰਡ ਕਰਵਾਕੇ ਲੋੜਬੰਦਾਂ ਦਾ ਮਜਾਕ ਉਡਾਉਣ ਅਤੇ ਅਧਿਆਪਕਾਂ ਦੀ ਖੱਜਲ ਖੁਆਰੀ ਕਰਨ ਦਾ ਰਾਹ ਚੁਣਿਆ ਹੈ।

ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਰਨਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜਿਲ੍ਹਾ ਪ੍ਰਧਾਨ ਸੁਖਦੇਵ ਡਾਂਸੀਵਾਲ ਅਤੇ ਸੂਬਾ ਆਗੂ ਮੁਕੇਸ਼ ਗੁਜਰਾਤੀ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਇਮਰੀ ਜਮਾਤਾਂ ਲਈ 4 ਰੁ: 48 ਪੈਸੇ ਅਤੇ ਛੇਵੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ 6 ਰੁ: 71 ਪੈਸੇ ਰੋਜ਼ਾਨਾ ਅਨੁਸਾਰ ਖਾਣਾ ਪਕਾੳੇਣ ਦੀ ਲਾਗਤ ਬੈਂਕ ਖਾਤਿਆਂ ਵਿੱਚ ਜਮਾ ਕਰਵਾਉਣ ਅਤੇ 200 ਤੋਂ 300 ਗ੍ਰਾਮ ਰੋਜ਼ਾਨਾ ਦੇ ਹਿਸਾਬ ਨਾਲ 24 ਦਿਨਾਂ ਦਾ ਅਨਾਜ ਇਨ੍ਹਾਂ ਬੱਚਿਆਂ ਦੇ ਘਰ-ਘਰ ਭੇਜਣ ਲਈ ਹਜਾਰਾਂ ਅਧਿਆਪਕਾਂ ਤੋਂ ਬੇਲੋੜੀ ਕਸਰਤ ਕਰਵਾੳਣ ਦੇ ਹੁਕਮ ਚਾੜ੍ਹ ਦਿੱਤੇ ਹਨ। ਇਸ ਤਰ੍ਹਾਂ ‘ਕਰੋਨਾ ਵਾਇਰਸ’ ਨਾਲ ਜੁੜੇ ਜੋਖਮਾਂ ਕਾਰਨ ਅਧਿਆਪਕਾਂ ਦਾ ਵੀ ਲਾਗ ਦੀ ਲਿਪੇਟ ‘ਚ ਆਉਣ ਦੀ ਸੰਭਾਵਨਾ ਹੈ। ਅਧਿਆਪਕ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਵਿਚਲੇ ਅਨੁਸੂਚਿਤ, ਪਿਛੜੇ, ਘੱਟ ਗਿਣਤੀ, ਮਲੀਨ ਕਿੱਤੇ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਹੋਰਨਾਂ ਵਰਗਾਂ ਦੇ ਵਿਦਿਆਰਥੀਆਂ ਲਈ ਕਈ ਕਿਸਮ ਦੇ ਵਜੀਫਿਆਂ ਦੀ ਰਾਸ਼ੀ, ਪਿਛਲੇ ਲੰਬੇਂ ਸਮੇਂ ਤੋਂ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ। ਦੂਜੇ ਪਾਸੇ ਅਜੀਬੋ ਗਰੀਬ ਬੇਤੁਕੇ ਫੈਸਲਿਆਂ ਰਾਹੀਂ ਤੰਗੀ ਤੁਰਸੀ ਨਾਲ ਜੂਝ ਰਹੇ ਲੋਕਾਂ ਨਾਲ ਕੌਝੇ ਮਜਾਕ ਕੀਤੇ ਜਾ ਰਹੇ ਹਨ।

ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਹਰੇਕ ਪ੍ਰਕਾਰ ਦੇ ਵਜੀਫਿਆਂ ਦੇ ਬਕਾਏ, ਮਜਦੂਰਾਂ ਤੇ ਛੋਟੀ ਕਿਸਾਨੀ ਨਾਲ ਜੁੜੇ ਪਰਿਵਾਰਾਂ ਲਈ ਘੱਟ ਤੋਂ ਘੱਟ ਤਿੰਨ ਹਜਾਰ ਰੁਪਏ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਫੌਰੀ ਜਾਰੀ ਕਰਨੀ ਚਾਹੀਂਦੀ ਹੈ ਅਤੇ ਕਰੋਨਾ ਵਾਇਰਸ ਦੀ ਲਾਗ ਵਧੇਰੇ ਫੈਲਣ ਤੋਂ ਰੋਕਣ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਘਰ-ਘਰ ਭੇਜਣ ਦਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਅਸ਼ਵਨੀ ਅਵਸਥੀ, ਧਰਮ ਸਿੰਘ ਸੂਜਾਪੁਰ, ਓਮ ਪ੍ਰਕਾਸ਼, ਰਾਜੀਵ ਕੁਮਾਰ ਤੇ ਜਗਪਾਲ ਬੰਗੀ, ਡੀ.ਐਮ.ਐੱਫ. ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਤੋਂ ਇਲਾਵਾ ਹਰਜਿੰਦਰ ਸਿੰਘ ਗੁਰਦਾਸਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ, ਰੁਪਿੰਦਰ ਪਾਲ ਗਿੱਲ, ਗੁਰਮੀਤ ਸਿੰਘ ਸੁੱਖਪੁਰ, ਅਤਿੰਦਰ ਪਾਲ ਘੱਗਾ, ਗੁਰਪਿਆਰ ਕੋਟਲੀ, ਬਲਵਿੰਦਰ ਭੰਡਾਲ, ਮੇਘ ਰਾਜ, ਮੁਲਖ ਰਾਜ, ਹਰਜਿੰਦਰ ਢਿੱਲੋਂ, ਸੁਨੀਲ ਕੁਮਾਰ ਅਤੇ ਅਮਰੀਕ ਮੋਹਾਲੀ ਆਦਿ ਵੀ ਮੌਜੂਦ ਸਨ