ਸਾਹਬੀ ਦਾਸੀਕੇ
ਸ਼ਾਹਕੋਟ: ਮਲਸੀਆਂ, ਸ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜਲੰਧਰ (ਦਿਹਾਤੀ) ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਸ. ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ’ਚ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਐਸ.ਐੱਚ.ਓ. ਮਾਡਲ ਥਾਣਾ ਸ਼ਾਹਕੋਟ ਵੱਲੋਂ ਮੰਗਲਵਾਰ ਦੇਰ ਸ਼ਾਮ ਭਾਰੀ ਫੋਰਸ ਸਮੇਤ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸ਼ਾਹਕੋਟ-ਮਲਸੀਆਂ ਨੈਸ਼ਨਲ ਹਾਈਵੇ ’ਤੇ ਨਵੇਂ ਬਣੇ ਰੇਲਵੇ ਫਲਾਈਓਵਰ ਉੱਪਰ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਜਿੱਥੇ ਵਾਹਨਾਂ ਦੇ ਦਸਤਾਵੇਜਾਂ ਦੀ ਜਾਂਚ ਕੀਤੀ, ਉਥੇ ਹੀ ਉਨਾਂ ਮਾੜੇ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਦਿਆਂ ਵਾਹਨਾਂ ਵਿੱਚ ਪਏ ਸਮਾਨ ਦੀ ਵੀ ਜਾਂਚ ਕੀਤੀ। ਇਸ ਦੌਰਾਨ ਨੈਸ਼ਨਲ ਹਾਈਵੇ ਤੋਂ ਲੰਘ ਰਹੀ ਇੱਕ ਚਿੱਟੇ ਰੰਗ ਦੀ ਸਵੀਫਟ ਡਜਾਇਰ ਕਾਰ ਨੂੰ ਪੁਲਿਸ ਵੱਲੋਂ ਜਾਂਚ ਲਈ ਰੋਕਿਆ ਗਿਆ ਤਾਂ ਕਾਰ ਵਿੱਚੋਂ ਪੁਲਿਸ ਨੂੰ ਇੱਕ 12 ਬੋਰ ਦੀ ਬੰਦੂਕ ਅਤੇ ਰੌਂਦ ਬ੍ਰਾਮਦ ਹੋਏ, ਜਿਸ ਤੋਂ ਬਾਅਦ ਪੁਲਿਸ ਨੇ ਪੜਤਾਲ ਕੀਤੀ ਤਾਂ ਕਾਰ ਚਾਲਕ ਐਕਸ ਸਰਵਿਸਮੈਨ ਹੋਣ ਕਾਰਨ ਉਸ ਨੇ ਬੰਦੂਕ ਦਾ ਲਾਇਸੈਸ ਦਿਖਾਇਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ। ਇਸ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਖੁੱਦ ਵੀ ਬਰੀਕੀ ਨਾਲ ਵਾਹਨਾਂ ਦੀ ਜਾਂਚ ਕੀਤੀ। ਇਸ ਮੌਕੇ ਡੀ.ਐਸ.ਪੀ. ਪਿਆਰਾ ਸਿੰਘ ਅਤੇ ਐੱਸ.ਐਚ.ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਵਿਸ਼ੇਸ਼ ਨਾਕਾਬੰਦੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨਾਂ ਕਿਹਾ ਕਿ ਹੁਣ ਤੱਕ ਸ਼ਾਹੋਕਟ ਸਬ-ਡਵੀਜ਼ਨ ’ਚ ਨਾਕਾਬੰਦੀ ਅਤੇ ਗਸ਼ਤ ਦੌਰਾਨ ਵੱਡੀ ਪੱਧਰ ਤੇ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ ਅਤੇ ਅੱਗੇ ਤੋਂ ਵੀ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਨਾਕਾਬੰਦੀ ਤੇ ਗਸ਼ਤ ਨਿਰੰਤਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਉਨਾਂ ਨਾਲ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ਼ ਪੁਲਿਸ ਚੌਂਕੀ ਤਲਵੰਡੀ ਸੰਘੇੜਾ, ਏ.ਐੱਸ.ਆਈ. ਮੇਜਰ ਸਿੰਘ, ਏ.ਐੱਸ.ਆਈ. ਰੇਸ਼ਮ ਸਿੰਘ, ਏ.ਐੱਸ.ਆਈ. ਸਤਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।