ਫਗਵਾੜਾ (ਡਾ ਰਮਨ ) ਕੋਰੋਨਾ ਆਫਤ ‘ਚ ਪ੍ਰਸ਼ਾਸਨ ਵਲੋਂ ਲਾਗੂ ਕੀਤੇ ਲਾਕਡਾਉਨ ਕਰਫਿਊ ਦੇ ਚਲਦਿਆਂ ਇਸ ਸਾਲ ਬਲੱਡ ਬੈਂਕ ਫਗਵਾੜਾ ‘ਚ ਮਾਤ੍ਰਿ ਦਿਵਸ ਸਬੰਧੀ ਸਮਾਗਮ ਨਾ ਕਰਵਾ ਕੇ ਚਾਰ ਸਫਲ ਮਾਂਵਾ ਨੂੰ ਉਹਨਾਂ ਦੇ ਘਰਾਂ ‘ਚ ਜਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਬੱਚਿਆਂ ਨੂੰ ਸਫਲ ਅਤੇ ਸੰਕਕਾਰੀ ਨਾਗਰਿਕ ਬਨਾਉਣ ਵਿਚ ਮਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ। ਬੱਚਿਆਂ ਦੀ ਸਫਲਤਾ ਮਾਂ ਦੀ ਸਫਲਤਾ ਹੁੰਦੀ ਹੈ ਅਤੇ ਹਰ ਮਾਂ ਹਜਾਰ ਦੁੱਖ ਸਹਿ ਕੇ ਵੀ ਆਪਣੇ ਬੱਚਿਆਂ ਨੂੰ ਹਰ ਸੁੱਖ ਦੇਣ ਦੀ ਕੋਸ਼ਿਸ਼ ਕਰਦੀ ਹੈ। ਮਾਂ ਦੀ ਮਮਤਾ ਦਾ ਨਿੱਘ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਮਾਂ ਦੇ ਦੁੱਧ ਦਾ ਕਰਜ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਉਹਨਾਂ ਦੱਸਿਆ ਕਿ ਜਿਹਨਾਂ ਮਾਂਵਾ ਦਾ ਸਨਮਾਨ ਕੀਤਾ ਗਿਆ ਹੈ ਉਹਨਾਂ ਵਿਚ ਨੀਟ ਦੀ ਪ੍ਰੀਖਿਆ ਪਾਸ ਕਰਕੇ ਡਾਕਟਰ ਬਣਨ ਲਈ ਏ.ਆਈ.ਐਮ.ਐਸ. ‘ਚ ਸਥਾਨ ਪ੍ਰਾਪਤ ਕਰਨ ਵਾਲੇ ਉਸ਼ੋ ਅਰੋੜਾ ਅਤੇ ਈਸ਼ ਅਰੋੜਾ ਦੀ ਮਾਤਾ ਸ੍ਰੀਮਤੀ ਸੁਮਨ ਅਰੋੜਾ, ਸ੍ਰੀਮਤੀ ਅਮਿੰਦਰਪ੍ਰੀਤ ਕੌਰ (ਰੂਬੀ) ਜੋ ਕਿ ਖੁਦ ਵੀ ਰਾਸ਼ਟਰੀ ਪੱਧਰ ਦੀ ਕਵਿੱਤਰੀ ਹੋਣ ਦੇ ਨਾਲ ਇਕ ਸਫਲ ਮਾਂ ਵੀ ਹੈ ਜਿਸਦੇ ਸਪੁੱਤਰ ਮਾਨਵਦੀਪ ਸਿੰਘ ਨੇ ਕੈਟ ਦੀ ਪ੍ਰੀਖਿਆ ਵਿਚ 99.4% ਅੰਕ ਪ੍ਰਾਪਤ ਕੀਤੇ ਹਨ ਅਤੇ ਆਈ.ਆਈ. ਐਮ. ਲਖਨਊ ‘ਚ ਐਮ.ਬੀ.ਏ. ਲਈ ਚੁਣਿਆ ਗਿਆ ਹੈ। ਆਪਣੀ ਮਾਂ ਦੀ ਪ੍ਰੇਰਣਾ ਸਦਕਾ ਹੀ ਮਾਨਵਦੀਪ ਨੇ ਕੋਰੋਨਾ ਤੋਂ ਉਭਰਨ ਲਈ ਵਿਚਾਰ ਲਿਖਣ ਵਾਲੇ ਦੇਸ਼ਾਂ ਵਿਚੋਂ ਭਾਰਤ ਦੀ ਨੁਮਾਇੰਦਗੀ ਕਰਕੇ 10ਵਾਂ ਸਥਾਨ ਪ੍ਰਾਪਤ ਕੀਤਾ ਜਦਕਿ ਬੇਟੀ ਅਨੁਰੀਤ ਕੌਰ ਨੇ ਡਾਂਸ ਅਤੇ ਭੰਗੜਾ ਵਿਚ ਆਪਣੇ ਹੁਨਰ ਦਾ ਲੋਹਾ ਮਨਵਾ ਕੇ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਾਇਆ। ਇਸ ਤੋਂ ਇਲਾਵਾ ਆਈ.ਆਈ.ਟੀ. ਵਿਚ ਨਾਰਥ ਇੰਡੀਆ ‘ਚ ਟਾਪ ਕਰਨ ਵਾਲੇ ਕੁਸ਼ਾਲ ਸਿੰਘ ਅਤੇ ਸਾਈਕੋਲੋਜੀ ‘ਚ ਪੀ.ਐਚ.ਡੀ. ਕਰਨ ਵਾਲੀ ਜਸਪ੍ਰਭ ਦੀ ਮਾਤਾ ਪਰਮਜੀਤ ਕੌਰ ਤੇ ਚੌਥੀ ਮਾਂ ਨਰਿੰਦਰ ਕੌਰ ਹੈ ਜੋ ਯੁਨੀਵਰਸਿਟੀਆਂ ਵਿਚ ਬੱਚਿਆਂ ਦੀ ਪ੍ਰਤਿਭਾ ਨਿਖਾਰਣ ਦਾ ਕੰਮ ਕਰ ਰਹੀ ਹੈ ਅਤੇ ਬੱਚਿਆਂ ਨੇ ਵੀ ਸਫਲਤਾ ਦੇ ਮੁਕਾਮ ਹਾਸਲ ਕੀਤੇ ਹਨ। ਇਹਨਾਂ ਮਾਂਵਾਂ ਨੂੰ ਡਾ. ਐਸ. ਰਾਜਨ ਅਤੇ ਡਾ. ਸੀਮਾ ਰਾਜਨ ਵਲੋਂ ਉਹਨਾਂ ਦੇ ਘਰਾਂ ‘ਚ ਜਾ ਕੇ ਮੋਮੈਂਟੋ, ਮਾਣ ਪੱਤਰ ਅਤੇ ਮੈਡਲ ਪ੍ਰਦਾਨ ਕੀਤੇ ਗਏ। ਡਾ. ਸੀਮਾ ਰਾਜਨ ਨੇ ਕਿਹਾ ਕਿ ਮਾਂਵਾ ਦਾ ਸਤਿਕਾਰ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਡਾ. ਐਸ. ਰਾਜਨ ਨੇ ਬਲੱਡ ਬੈਂਕ ਦੇ ਚੇਅਰਮੈਨ ਸ੍ਰੀ ਕੁਲਦੀਪ ਸਰਦਾਨਾ ਦੇ ਮਾਂਵਾ ਦੇ ਘਰੋਂ ਘਰੀਂ ਜਾ ਕੇ ਸਤਿਕਾਰ ਕਰਨ ਦੇ ਵਿਚਾਰ ਦੀ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਡਾ. ਸੀਮਾ ਰਾਜਨ ਅਤੇ ਡਾ. ਐਸ. ਰਾਜਨ ਦਾ ਸਹਿਯੋਗ ਲਈ ਖਾਸ ਤੌਰ ਤੇ ਧੰਨਵਾਦ ਕੀਤਾ।