ਫਗਵਾੜਾ,20 ਨਵੰਬਰ( ਡਾਕਟਰ ਰਮਨ ਸ਼ਰਮਾ ) ਸਥਾਨਕ ਮੁਹੱਲਾ ਭਗਤਪੁਰਾਂ ਵਿਖੇ ਸਥਿਤ ਪ੍ਰਸਿਧ ਡੇਰਾ ਸ਼ੀਲਾ ਮਾਈ ਜੀ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪੋਤੀ ਚੇਲਾ ਸੋਨੀਆ ਮਾਈ ਵੱਲੋਂ ਅੱਜ ਜੇਠੇ ਵੀਰਵਾਰ ਨੂੰ ਮੁੱਖ ਰੱਖਦਿਆਂ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਜਿੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਅਤੇ ਸ਼ਰਧਾਲੂਆਂ ਨੇ ਪਹੁੰਚਕੇ ਡੇਰੇ ਵਿਖੇ ਮੱਥਾ ਟੇਕ ਆਪਣੇ ਮਨ ਦੀਆਂ ਮੁਰਾਦਾਂ ਮੰਗੀਆਂ ਉੱਥੇ ਹੀ ਉਨ੍ਹਾਂ ਇਸ ਲੰਗਰ ਵਿੱਚ ਸੇਵਾ ਕਰ ਸੋਨੀਆ ਮਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਲੰਗਰ ਸ਼ੁਰੂ ਕਰਨ ਤੋਂ ਪਹਿਲਾ ਸੋਨੀਆ ਮਾਈ ਨੇ ਸ਼ੀਲਾ ਮਾਈ ਜੀ ਅਤੇ ਕਿਰਨਾ ਮਾਈ ਜੀ ਦੇ ਪਵਿੱਤਰ ਅਸਥਾਨਾਂ ਤੇ ਮੱਥਾ ਟੇਕ ਉਨ੍ਹਾਂ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਫਰਿਆਦ ਕੀਤੀ ਅਤੇ ਆਪਣੇ ਭਾਈਚਾਰੇ ਦੀ ਰਹੁਰੀਤੀ ਮੁਤਾਬਕ ਲੰਗਰ ਦਾ ਭੋਗ ਲਾ ਸੰਗਤਾਂ ਵਿੱਚ ਵਰਤਾਇਆ ਗਿਆ। ਇਸ ਮੌਕੇ ਸੋਨੀਆ ਮਾਈ ਨੇ ਦੱਸਿਆ ਕਿ ਸਾਡੇ ਪੂਜਨੀਕ ਮੰਮੀ ਜੀ ਸ਼ੀਲਾ ਮਾਈ ਜੀ ਦਾ ਸੁਪਨਾ ਸੀ ਕਿ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਖਤਮ ਕਰ ਸਮੂਹ ਧਰਮਾਂ ਦਾ ਸਤਿਕਾਰ ਕਰਨਾ ਹੈ ਅਤੇ ਆਪਣੇ ਦਰ ਆਏ ਹਰ ਲੋੜਵੰਦ ਦੀ ਮਦਦ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ੀਲਾ ਮਾਈ ਜੀ ਦੀ ਯਾਦ ਨੂੰ ਸਮਰਪਿਤ ਹਰ ਵੀਰਵਾਰ ਅਸੀ ਡੇਰੇ ਵਿਖੇ ਨਿਆਜ ਦਿਆਂ ਕਰਾਂਗੇ ਅਤੇ ਹਰ ਜੇਠੇ ਵੀਰਵਾਰ ਪ੍ਰਸ਼ਾਦੇ ਦਾ ਲੰਗਰ ਲਗਾਇਆ ਕਰਾਂਗੇ ਤਾਂ ਜੋ ਹਰ ਲੋੜਵੰਦ ਲੋਕਾਂ ਨੂੰ ਭੋਜਨ ਛਕਾਇਆ ਜਾ ਸਕੇ। ਅਖੀਰ ਵਿੱਚ ਉਨ੍ਹਾਂ ਸਮੂਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣ ਲਈ ਪ੍ਰੇਰਿਆ ਅਤੇ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।