ਗੜ੍ਹਸੰਕਰ,(ਫੂੂੂੂਲਾ ਰਾਮ ਬੀਰਮਪੁਰ) ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਸਥਾਨਕ ਡਾ਼ ਭਾਗ ਸਿੰਘ ਹਾਲ  ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਈਨਿੰਗ ਮਾਫੀਏ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਪੂਰੀ ਸ਼ਹਿ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਅਕਾਲੀ ਭਾਜਪਾ ਦਾ ਥਾਪੜਾ ਸੀ ਤੇ ਹੁਣ ਕਾਗਰਸੀਆਂ ਦਾ ਪੂਰਾ ਹੱਥ ਹੈ।ਉਨ੍ਹਾਂ ਕਿਹਾ ਕਿ  ਸਰਕਾਰੀ ਸ਼ਹਿ ਤੋਂ ਬਿਨਾਂ ਕੋਈ ਵੀ ਕਾਲਾ ਧੰਦਾ ਨਹੀਂ ਚੱਲ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਰੋਕਣ ‘ਚ ਅਸਫਲ ਰਹਿਣ ਤੇ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਫਿਟਕਾਰ ਲਗਾਈ ਹੈ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਮਾਈਨਿੰਗ ਮਾਫੀਏ ਵਿਰੁੱਧ ਆਰੰਭੇ ਅੰਦੋਲਨ ਦੌਰਾਨ ਪਾਰਟੀ ਦੇ ਆਗੂਆਂ ਖਿਲਾਫ ਝੂਠੇ ਪਰਚੇ ਵੀ ਦਰਜ ਕੀਤੇ ਗਏ ।

         ਇਸ ਮੌਕੇ ਹਾਜਰ ਸੀਪੀਆਈ(ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਮਹਾਂ ਸਿੰਘ ਰੌੜੀ ਨੇ  ਗੱਲਬਾਤ ਕਰਦਿਆਂ ਕਿਹਾ ਕਿ ਗੈਰ ਕਨੂੰਨੀ ਚੱਲ ਰਹੇ ਕਰੈਸ਼ਰਾਂ ਨੇ ਕਈ ਪਿੰਡਾਂ ਦੇ ਲੋਕਾਂ ਜਿਨ੍ਹਾਂ ਵਿੱਚ ਸਕੂਲੀ ਵਿਦਿਆਰਥੀ ਅਤੇ ਮਰੀਜ਼ ਵੀ ਸ਼ਾਮਲ ਹਨ ਦੀ ਨੀਂਦ ਹਰਾਮ ਕੀਤੀ ਹੋਈ ਹੈ ਜੋ ਕਿ ਸ਼ੋਰ ਪ੍ਰਦੂਸ਼ਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਗੰਧਲਾ ਕਰ ਰਹੇ ਹਨ। ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸੜਕਾਂ ਤੇ ਦੌੜ ਰਹੇ ਟਿੱਪਰ ਨਵੀਆਂ ਬਣੀਆਂ ਸੜਕਾਂ ਨੂੰ ਤੋੜ ਰਹੇ ਹਨ ਅਤੇ ਕੀਮਤੀ ਜਾਨਾਂ ਵੀ ਲੈ ਰਹੇ ਹਨ ਪਰ ਸੱਤਾਧਾਰੀ ਅੱਖਾਂ ਮੀਟ ਕੇ ਸਭ ਕੁੱਝ ਵੇਖ ਰਹੇ ਹਨ।ਉਨ੍ਹਾਂ ਕਿਹਾ ਕਿ ਹੋਰ ਭਰਾਤਰੀ ਤੇ ਹਮ ਖਿਆਲੀ ਲੋਕ ਪੱਖੀ ਜੱਥੇਬੰਦੀਆਂ ਨੂੰ ਨਾਲ ਲੈਕੇ ਮਾਈਨਿੰਗ ਮਾਫੀਏ ਵਿਰੁੱਧ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ ਤੇ ਜਿੱਤ ਤੱਕ ਲੈਕੇ ਜਾਵਾਂਗੇ। ਇਸ ਮੌਕੇ ਕਾਮਰੇਡ ਅੱਛਰ ਸਿੰਘ ਵੀ ਉਨ੍ਹਾਂ ਦੇ ਨਾਲ  ਸਨ।