*ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰਾਂ ਮੁਸਤੈਦ
ਫਗਵਾੜਾ (ਡਾ ਰਮਨ )
‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਿ ਹਤ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੇ ਫੈਲਾਅ ਨੂੰ ਰੋਕਣ, ਦੂਸਰੇ ਰਾਜਾਂ ਤੋਂ ਆਏ ਲੋਕਾਂ ਦੀ ਟ੍ਰੈਕਿੰਗ ਕਰਨ ਵਿਚ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਬਲਾਕ ਪਾਂਸ਼ਟਾ ਦੇ ਅਧੀਨ ਪਿੰਡ ਮਾਇਓ ਪੱਟੀ ਵਿਚ 4 ਮਜ਼ਦੂਰ ਪਾਜ਼ੀਟਿਵ ਪਾਏ ਗਏ ਸਨ। ਉਸ ਤੋਂ ਬਾਅਦ ਉਸ ਇਲਾਕੇ ਨੂੰ ਸੀਲ ਕਰ ਕੇ 50 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ, ਜਿਨਾਂ ਸਭਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਦੱਸਿਆ ਕਿ ਕੁੱਲ 6 ਮਜ਼ਦੂਰ ਮੁਰਾਦਾਬਾਦ ਤੋਂ ਵਾਪਸ ਪਰਤੇ ਸਨ, ਜਿਨਾਂ ਵਿਚੋਂ 4 ਦੀ ਰਿਪੋਰਟ ਪਾਜ਼ੀਟਿਵ ਅਤੇ 2 ਦੀ ਨੈਗੇਟਿਵ ਆਈ ਸੀ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀ ਆਰ. ਆਰ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਡ ਮਾਇਓ ਪੱਟੀ ਵਿਚੋਂ 50 ਹੋਰ ਵਿਅਕਤੀਆਂ ਦੇ ਸੈਂਪਲ ਲਏ ਗਏ, ਤਾਂ ਜੋ ਸਮਾਂ ਰਹਿੰਦਿਆਂ ਕੋਰੋਨਾ ਦੇ ਫੈਲਾਟ ਨੂੰ ਰੋਕਿਆ ਜਾ ਸਕੇ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਬਾਹਰ ਦੇ ਰਾਜਾਂ ਤੋਂ ਆਏ ਲੋਕਾਂ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਵੀ ਕਿਹਾ ਕਿ ਜੇਕਰ ਖੇਤਾਂ ਵਿਚ ਮਜ਼ਦੂਰ ਬਾਹਰਲੇ ਰਾਜਾਂ ਤੋਂ ਕੰਮ ਕਰਨ ਆ ਰਹੇ ਹਨ, ਤਾਂ ਇਕ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਜਿਮੀਂਦਾਰਾਂ ਅਤੇ ਸਰਪੰਚਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਸਮਾਂ ਰਹਿੰਦਿਆਂ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਹੋ ਸਕੇ ਅਤੇ ਸੈਂਪਲਿੰਗ ਕੀਤੀ ਜਾ ਸਕੇ।