(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ, ਸ਼ਾਹਕੋਟ ਦੇ ਮੁਹੱਲਾ ਬਾਗਵਾਲਾ ਵਿਖੇ ਇੱਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਸਮੇਤ ਗੁਆਢੀ ਨੌਜਵਾਨ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਇੱਕ ਔਰਤ ਸਮੇਤ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ।
ਸਰਬਜੀਤ ਪਤਨੀ ਸੋਖਾ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਨਾਂ ਦੇ ਗੁਆਢ ਵਿੱਚ ਰਹਿੰਦਾ ਇੱਕ ਲੜਕਾ ਉਨਾਂ ਦੀ ਨੂੰਹ ਨੂੰ ਅਕਸਰ ਇਸ਼ਾਰੇ ਕਰਦਾ ਸੀ, ਜਿਸ ਸਬੰਧੀ ਬੀਤੇ 15 ਦਿਨ ਪਹਿਲਾ ਵੀ ਉਸ ਨਾਲ ਝਗੜਾ ਹੋ ਗਿਆ ਸੀ ਅਤੇ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਰਾਜੀਨਾਮਾਂ ਹੋਇਆ ਸੀ ਕਿ ਉਹ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰੇਗਾ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਗੁਆਢੀ ਲੜਕੇ ਨੇ ਮੁੜ ਉਨਾਂ ਦੀ ਨੂੰਹ ਨੂੰ ਇਸ਼ਾਰਾ ਕੀਤਾ ਤਾਂ ਉਸ ਦੇ ਲੜਕੇ ਸਨੀ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਜਦ ਉਨਾਂ ਦਾ ਲੜਕਾ ਸਨੀ ਘਰ ਦੇ ਬਾਹਰ ਖੜ੍ਹਾ ਸੀ ਤਾਂ ਉਨਾਂ ਦੇ ਗੁਆਢੀ ਲੜਕੇ ਨੇ ਪਹਿਲਾ ਦਾਤਰ ਨਾਲ ਸਨੀ ਤੇ ਹਮਲਾ ਕਰਨ ਦੀ ਕੋਸਿ਼ਸ਼ ਕੀਤੀ, ਜਿਸ ਤੇ ਮੁਹੱਲਾ ਨਿਵਾਸੀਆਂ ਨੇ ਉਸ ਪਾਸੋ ਦਾਤਰ ਖੋਹ ਲਿਆ, ਪਰ ਕੁੱਝ ਸਮੇਂ ਬਾਅਦ ਗੁਆਢੀ ਲੜਕਾ ਆਪਣੇ ਸਾਥੀਆਂ ਸਮੇਤ ਕਿਰਪਾਨ ਲੈ ਕੇ ਆਇਆ, ਜਿਸ ਨੇ ਸਨੀ ਦੇ ਸਿਰ ਵਿੱਚ ਕਿਰਪਾਨ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਲਹੂ ਲੁਹਾਣ ਹੋ ਗਿਆ, ਜਦ ਉਨਾਂ ਦੇ ਗੁਆਢ ਵਿੱਚ ਰਹਿੰਦੀ ਔਰਤ ਸ਼ੀਰੋ ਪਤਨੀ ਕਾਲੂ ਨੇ ਸਨੀ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਗੁਆਢੀ ਲੜਕੇ ਨੇ ਸ਼ੀਰੋ ’ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਸ਼ੀਰੋ ਦਾ ਸਾਰਾ ਹੱਥ ਵੱਡਿਆ ਗਿਆ। ਵਾਰਦਾਤ ਉਪਰੰਤ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਸਮੇਤ ਘਰ ਨੂੰ ਤਾਲਾ ਲਗਾਕੇ ਭੱਜ ਗਿਆ। ਜਖਮੀਆਂ ਨੰੁ ਮੁਹੱਲਾ ਨਿਵਾਸੀਆਂ ਨੇ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ। ਇਸ ਵਾਰਦਾਤ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਐਸ.ਐਚ.ਓ. ਸੁਰਿੰਦਰ ਕੁਮਾਰ, ਏ.ਐਸ.ਆਈ. ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਘਟਨਾ ਦੀ ਜਾਂਚ ਉਪਰੰਤ ਹਮਲਾਵਰਾ ਦੀ ਭਾਲ ਸ਼ੁਰੂ ਕਰ ਦਿੱਤੀ।